ਜਲੰਧਰ (ਬਿਊਰੋ) — ਸ਼ਾਨਦਾਰ ਗੀਤਾਂ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਝੰਡੇ ਗੱਡਣ ਵਾਲੇ ਹੈਂਡਸਮ ਬੁਆਏ ਜੌਰਡਨ ਸੰਧੂ 'ਕਾਕੇ ਦਾ ਵਿਆਹ' ਫਿਲਮ ਨਾਲ ਪਾਲੀਵੁੱਡ ਇੰਡਸਟਰੀ 'ਚ ਕਦਮ ਰੱਖਣ ਜਾ ਰਹੇ ਹਨ। ਜੀ ਹਾਂ, ਜੌਰਡਨ ਸੰਧੂ ਪੰਜਾਬੀ ਫਿਲਮ 'ਕਾਕੇ ਦਾ ਵਿਆਹ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇੰਨ੍ਹੀਂ ਦਿਨੀਂ 'ਕਾਕੇ ਦੇ ਵਿਆਹ' ਦੇ ਚਰਚੇ ਹਰ ਪਾਸੇ ਹੋ ਰਹੇ ਹਨ। ਜੀ ਹਾਂ, ਹਾਲ ਹੀ 'ਚ 'ਕਾਕੇ ਦਾ ਵਿਆਹ' ਦਾ ਗੀਤ 'ਗੱਭਰੂ ਨੂੰ ਤਰਸੇਗੀ' ਰਿਲੀਜ਼ ਹੋਇਆ ਹੈ, ਜਿਸ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਰਿਲੀਜ਼ ਹੁੰਦਿਆ ਹੀ ਇਹ ਗੀਤ ਟਰੈਡਿੰਗ 'ਚ ਛਾਇਆ ਹੋਇਆ ਹੈ। ਦੱਸ ਦਈਏ ਕਿ 'ਗੱਭਰੂ ਨੂੰ ਤਰਸੇਗੀ' ਨੂੰ ਜੌਰਡਨ ਸੰਧ, ਸੋਨੂੰ ਕੱਕੜ ਤੇ ਹਿਮਾਂਸ਼ੀ ਖੁਰਾਣਾ ਨੇ ਗਾਇਆ ਹੈ। ਹਾਲਾਂਕਿ ਇਸ ਗੀਤ ਦੇ ਬੋਲ ਬੰਟੀ ਬੈਂਸ ਵਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ 'ਦਿ ਬੌਸ' ਦਾ ਹੈ। ਇਸ ਤੋਂ ਪਹਿਲਾਂ ਫਿਲਮ ਦਾ ਟਾਈਟਲ ਟਰੈਕ ਰਿਲੀਜ਼ ਹੋ ਚੁੱਕਾ ਹੈ, ਜਿਸ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਏ ਫਿਲਮ ਦੇ ਟਰੇਲਰ ਨੂੰ ਦਰਸ਼ਕਾਂ ਵਲੋਂ ਕਾਫੀ ਪਿਆਰ ਮਿਲ ਰਿਹਾ ਹੈ।
ਦੱਸ ਦਈਏ ਕਿ ਪੰਜਾਬੀ ਫਿਲਮ 'ਕਾਕੇ ਦਾ ਵਿਆਹ' ਨੂੰ ਯੁਵਰਾਜ ਬੈਂਸ ਵਲੋਂ ਡਾਇਰੈਕਟ ਕੀਤੀ ਜਾ ਰਹੀ ਹੈ। ਇਸ ਫਿਲਮ 'ਚ ਜੌਰਡਨ ਸੰਧੂ ਤੇ ਪ੍ਰਭਜੋਤ ਗਰੇਵਾਲ ਮੁੱਖ ਭੂਮਿਕਾ 'ਚ ਹਨ। ਇਸ ਤੋਂ ਫਿਲਮ 'ਚ ਪ੍ਰੀਤੀ ਸਪਰੂ, ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਗੁਰਮੀਤ ਸਾਜਨ, ਹਾਰਬੀ ਸੰਘਾ, ਅਰੁਣ ਬਾਲੀ, ਮਲਕੀਤ ਰੌਣੀ, ਅਕਸ਼ਿਤਾ ਸ਼ਰਮਾ, ਪ੍ਰਿੰਸ ਕੰਵਲਜੀਤ ਤੇ ਬੱਬਲ ਧੰਜਲ ਵਰਗੇ ਕਲਾਕਾਰ ਨਜ਼ਰ ਆਉਣਗੇ।
ਦੱਸਣਯੋਗ ਹੈ ਕਿ ਪ੍ਰੀਤੀ ਸਪਰੂ 17 ਸਾਲ ਬਾਅਦ ਪੰਜਾਬੀ ਫਿਲਮ 'ਕਾਕੇ ਦਾ ਵਿਆਹ' ਸਕ੍ਰੀਨ 'ਤੇ ਵਾਪਸੀ ਕਰ ਰਹੀ ਹੈ। ਇਸ ਫਿਲਮ 'ਚ ਨੂੰਹ-ਸੱਸ ਦੀ ਜੁਗਲਬੰਦੀ ਨੂੰ ਦਰਸਾਇਆ ਗਿਆ ਹੈ। ਸੱਸ ਦੇ ਰੋਲ ਨੂੰ ਪੰਜਾਬੀ ਅਕਾਦਾਰਾ ਨਿਰਮਲ ਰਿਸ਼ੀ, ਨੂੰਹ ਦੀ ਭੂਮਿਕਾ ਪ੍ਰੀਤੀ ਸਪਰੂ ਤੇ ਅੱਗੇ ਉਨ੍ਹਾਂ ਦੀਆਂ ਨੂੰਹ ਦਾ ਕਿਰਦਾਰ ਪ੍ਰਭਜੋਤ ਗਰੇਵਾਲ ਤੇ ਨਵਦੀਪ ਨੇ ਨਿਭਾਇਆ ਹੈ। ਇਹ ਇਕ ਕਾਮੇਡੀ ਫਿਲਮ ਹੈ, ਜੋ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਵੇਗੀ। ਇਹ ਫਿਲਮ 1 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।