FacebookTwitterg+Mail

ਦਰਸ਼ਕਾਂ ਸਾਹਮਣੇ 'ਗੱਲਾਂ ਮਿੱਠੀਆਂ' ਨਾਲ ਮਨਕੀਰਤ ਔਲਖ ਨੇ ਭਰੀ ਹਾਜ਼ਰੀ (ਵੀਡੀਓ)

18 November, 2015 04:58:18 PM
ਜਲੰਧਰ, (ਜੁਗਿੰਦਰ ਸੰਧੂ)- ਗੀਤ ਤੇ ਸੰਗੀਤ ਉਦੋਂ ਹੀ ਮਕਬੂਲ ਹੁੰਦਾ ਹੈ, ਜਦੋਂ ਉਸ 'ਚ ਲੋਹੜੇ ਦੀ ਮਿਠਾਸ ਤੇ ਸ਼ਬਦਾਂ 'ਚ ਮਰਿਆਦਾ ਦੇ ਪਾਲਣ ਤੋਂ ਇਲਾਵਾ ਕੋਈ ਚੰਗਾ ਸੁਨੇਹਾ ਵੀ ਹੋਵੇ। ਪੰਜਾਬੀ ਸੰਗੀਤ 'ਚ ਵੀ ਕੁਝ ਅਜਿਹੀਆਂ ਆਵਾਜ਼ਾਂ ਸਰੋਤਿਆਂ ਦੇ ਦਿਲਾਂ 'ਚ ਪਛਾਣ ਬਣਾ ਰਹੀਆਂ ਹਨ, ਜਿਨ੍ਹਾਂ ਨੇ ਲੱਚਰਤਾ, ਹਿੰਸਕ ਰੁਝਾਨ ਤੇ ਕੁੱਟਮਾਰ ਤੋਂ ਹੱਟ ਕੇ ਸਾਫ-ਸੁੱਥਰੀ, ਪਰਿਵਾਰਕ ਤੇ ਮਿੱਠੀ ਗਾਇਕੀ ਨੂੰ ਤਰਜੀਹ ਦਿੱਤੀ ਹੈ। ਅਜਿਹੀ ਹੀ ਇਕ ਆਵਾਜ਼ ਹੈ ਮਨਕੀਰਤ ਔਲਖ ਦੀ, ਜੋ ਇਨ੍ਹੀਂ ਦਿਨੀਂ 'ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆਂ' ਗੀਤ ਨਾਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸੁਰੀਲੀ ਆਵਾਜ਼, ਰਸਭਿੰਨੇ ਸੰਗੀਤ ਤੇ ਪਰਿਵਾਰਕ ਮਾਹੌਲ ਵਾਲੇ ਬੋਲਾਂ ਦੀ ਮੇਜ਼ਬਾਨੀ ਕਮਾਲ ਦੀ ਹੋ ਨਿੱਬੜੀ ਹੈ।
ਗੀਤ ਦਾ ਮੁੱਖੜਾ ਇਸ ਤਰ੍ਹਾਂ ਹੈ—
ਲਿਖੇ ਸੀ ਸੰਜੋਗ ਸਾਡੇ ਤੇਰੇ ਨਾਲ ਵੇ,
ਹੱਸਦੇ-ਹਸਾਉਂਦੇ ਲੰਘ ਗਿਆ ਸਾਲ ਵੇ।
ਧੰਨਵਾਦ ਤੇਰਾ ਦਿਲ ਦਿਆ ਰਾਜਿਆ ਵੇ,
ਵਾਂਗ ਰਾਣੀਆਂ ਦੇ ਰੱਖੀ ਹੋਈ ਆਂ।
ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ ਨਾ,
ਵੇ ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆਂ।
ਪਰਿਵਾਰਕ ਮਾਹੌਲ ਵਾਲੇ ਇਸ ਗੀਤ 'ਚ ਰਿਸ਼ਤਿਆਂ ਦਾ ਨਿੱਘ ਤੇ ਅਪੱਣਤ ਵਾਲਾ ਅਹਿਸਾਸ ਦੇਖਣ ਨੂੰ ਮਿਲਦਾ ਹੈ। ਸੱਸ-ਨੂੰਹ ਦੇ ਮੋਹ-ਪਿਆਰ ਤੇ ਦਿਓਰ-ਭਰਜਾਈ ਦੇ ਰਿਸ਼ਤੇ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ।
ਰੱਖਾਂ ਮੈਂ ਖਿਆਲ ਲਾਡਲੇ ਦਿਓਰ ਦਾ,
ਗੱਲ ਵੱਡੀ ਭਾਬੀ ਦੀ ਕਦੇ ਨੀਂ ਮੋੜਦਾ।
ਆਉਂਦਾ ਏ ਪਿਆਰ ਬੜਾ ਬੇਬੇ ਜੀ ਦਾ ਮੈਨੂੰ,
ਜੀਹਦੇ ਸਾਹਾਂ ਵਿਚ ਵੱਸੀ ਹੋਈ ਆਂ।
ਅਜਿਹੇ ਗੀਤ ਸਦੀਵੀ ਹੋ ਨਿੱਬੜਦੇ ਹਨ ਤੇ ਪੰਜਾਬ ਨੂੰ ਅੱਜ 'ਗੱਲਾਂ ਮਿੱਠੀਆਂ' ਦੀ ਸਚਮੁੱਚ ਬਹੁਤ ਲੋੜ ਹੈ। ਸੰਗੀਤ ਤੇ ਵੀਡੀਓਗ੍ਰਾਫੀ ਪ੍ਰਭਾਵਿਤ ਕਰਦੀ ਹੈ। ਸਰੋਤੇ ਔਲਖ ਦੀਆਂ 'ਗੱਲਾਂ ਮਿੱਠੀਆਂ' ਨੂੰ ਪਸੰਦ ਕਰਨਗੇ।

Tags: ਮਨਕੀਰਤ ਔਲਖ ਗੱਲਾਂ ਮਿੱਠੀਆਂ GALLAN MITHIYAN MANKIRT AULAKH