ਮੁੰਬਈ— ਬਾਲੀਵੁੱਡ ਦੇ ਪ੍ਰਸਿੱਧ ਕੋਰੀਓਗ੍ਰਾਫਰ ਗਣੇਸ਼ ਆਚਾਰੀਆ ਆਪਣੇ ਡਾਂਸਿੰਗ ਸਕਿੱਲਜ਼ ਲਈ ਪ੍ਰਸਿੱਧ ਹਨ ਪਰ ਪਿਛਲੇ ਕੁਝ ਸਮੇਂ ਤੋਂ ਉਹ ਆਪਣੇ ਨਵੇਂ ਲੁੱਕ ਕਾਰਨ ਸੁਰਖੀਆਂ 'ਚ ਹਨ। ਅਸਲ 'ਚ ਗਣੇਸ਼ ਨੇ ਪਿਛਲੇ ਡੇਢ ਸਾਲਾਂ 'ਚ ਲਗਭਗ 85 ਕਿਲੋ ਭਾਰ ਘੱਟ ਕੀਤਾ ਹੈ। ਪਹਿਲਾਂ ਉਸ ਦਾ ਭਾਰ ਲਗਭਗ 200 ਕਿਲੋ ਸੀ, ਜਿਸ ਨੂੰ ਘੱਟ ਕਰਨ ਤੋਂ ਬਾਅਦ ਉਹ ਪਹਿਲਾਂ ਨਾਲੋਂ ਜ਼ਿਆਦਾ ਡੈਸ਼ਿੰਗ ਲੱਗਣ ਲੱਗੇ ਹਨ। ਇਸ ਦਾ ਸਬੂਤ ਹੈ ਉਨ੍ਹਾਂ ਦੀਆਂ ਇਹ ਤਸਵੀਰਾਂ, ਜੋ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਗਣੇਸ਼ ਨੇ ਸਾਲ 2015 'ਚ ਰਿਲੀਜ਼ ਹੋਈ ਫਿਲਮ 'ਹੇ ਬ੍ਰਦਰ' ਲਈ ਲਗਭਗ 30 ਤੋਂ 40 ਕਿਲੋ ਭਾਰ ਵਧਾਇਆ ਸੀ, ਜਿਸ ਤੋਂ ਬਾਅਦ ਉਹ ਆਪਣੇ ਭਾਰ 'ਤੇ ਕੰਟਰੋਲ ਨਹੀਂ ਰੱਖ ਸਕੇ ਪਰ ਸਖਤ ਮਿਹਨਤ ਤੇ ਵਰਕਆਊਟ ਦੀ ਬਦੌਲਤ ਉਨ੍ਹਾਂ ਨੇ ਖੁਦ ਨੂੰ ਫਿੱਟ ਕਰ ਲਿਆ ਤੇ ਇਸ ਸਫਰ 'ਚ ਆਪਣੇ ਫੈਨਜ਼ ਨੂੰ ਵੀ ਸ਼ਾਮਲ ਕੀਤਾ। ਅਸਲ 'ਚ ਇਸ ਡੇਢ ਸਾਲ ਅੰਦਰ ਗਣੇਸ਼ ਆਪਣੀਆਂ ਜਿਮ ਦੌਰਾਨ ਦੀਆਂ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੇ ਰਹੇ। ਜਿਸ ਤੋਂ ਲੋਕ ਕਾਫੀ ਪ੍ਰਭਾਵਿਤ ਹੋਏ। ਆਪਣੇ ਭਾਰ ਨੂੰ ਘੱਟ ਕਰਨ 'ਤੇ ਉਨ੍ਹਾਂ ਦਾ ਕਹਿਣਾ ਹੈ, 'ਕਰਨਾ ਹੀ ਸੀ। ਇਕ ਸੋਚ ਸੀ ਕਿ ਮੈਨੂੰ ਇਹ ਕਰਨਾ ਹੀ ਪਵੇਗਾ। ਲੋਕਾਂ ਨੇ ਗਣੇਸ਼ ਆਚਾਰੀਆ ਨੂੰ ਮੋਟਾ ਹੀ ਦੇਖਿਆ ਹੈ। ਇਸ ਲਈ ਮੈਂ ਆਪਣੀ ਲੁੱਕ ਬਦਲਣੀ ਚਾਹੁੰਦਾ ਸੀ। ਮੇਰੇ ਲਈ ਇਹ ਬਹੁਤ ਮੁਸ਼ਕਿਲ ਸੀ। ਮੈਂ ਪਿਛਲੇ ਡੇਢ ਸਾਲਾਂ ਤੋਂ ਆਪਣੀ ਬਾਡੀ 'ਤੇ ਕੰਮ ਕਰ ਰਿਹਾ ਹਾਂ।'