ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦੀ ਆਉਣ ਵਾਲੀ ਫਿਲਮ 'ਗੰਗੂਬਾਈ ਕਾਠਿਆਵਾੜੀ' ਦੀ ਪਹਿਲੀ ਲੁੱਕ ਰਿਲੀਜ਼ ਹੋ ਗਈ ਹੈ। ਆਲੀਆ ਭੱਟ ਨੂੰ ਪੋਸਟਰ 'ਚ ਪਛਾਣਨਾ ਕਾਫੀ ਮੁਸ਼ਕਿਲ ਲੱਗ ਰਿਹਾ ਹੈ। ਪੋਸਟਰ 'ਚ ਆਲੀਆ ਦਾ ਹੁਣ ਤੱਕ ਦਾ ਸਭ ਤੋਂ ਵੱਖਰਾ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਫਿਲਮ 'ਚ ਆਲੀਆ ਦਾ ਕਿਰਦਾਰ ਵੀ ਹੁਣ ਤੱਕ ਦੇ ਸਾਰੇ ਕਿਰਦਾਰਾਂ ਤੋਂ ਕਾਫੀ ਵੱਖਰਾ ਸਾਬਤ ਹੋਵੇਗਾ। ਆਲੀਆ ਭੱਟ ਦੀ ਇਸ ਫਿਲਮ ਤੋਂ ਦੋ ਲੁੱਕ ਸਾਹਮਣੇ ਆਏ ਹਨ। ਇਕ ਤਸਵੀਰ 'ਚ ਆਲੀਆ ਦਾ ਪੂਰਾ ਲੁੱਕ ਦਿਖਾਈ ਦੇ ਰਿਹਾ ਹੈ, ਜਦੋਂ ਕਿ ਦੂਜੇ 'ਚ ਆਲੀਆ ਦੇ ਲੁੱਕ ਦਾ ਕਲੋਜ਼ ਅੱਪ ਦੇਖਣ ਨੂੰ ਮਿਲ ਰਿਹਾ ਹੈ। ਉਸ ਦੇ ਲੁੱਕ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਸੰਜੇ ਲੀਲਾ ਭੰਸਾਲੀ ਇਸ ਫਿਲਮ ਦਾ ਡਾਇਰੈਕਸ਼ਨ ਕਰ ਰਹੇ ਹਨ।
ਦੱਸ ਦੇਈਏ ਕਿ ਇਹ ਆਲੀਆ ਤੇ ਸੰਜੇ ਲੀਲਾ ਭੰਸਾਲੀ ਦੀ ਪਹਿਲੀ ਫਿਲਮ ਹੈ। ਇਸ ਤੋਂ ਪਹਿਲਾਂ ਖਬਰਾਂ ਆਈਆਂ ਸਨ ਕਿ ਭੰਸਾਲੀ, ਆਲੀਆ ਤੇ ਸਲਮਾਨ ਖਾਨ ਨਾਲ ਫਿਲਮ 'ਇਨਸ਼ਾਅੱਲ੍ਹਾ' ਬਣਾਉਣ ਜਾ ਰਹੇ ਹਨ ਪਰ ਸਲਮਾਨ ਕੋਲ ਡੇਟਸ ਨਾ ਹੋਣ ਕਰਕੇ ਭੰਸਾਲੀ ਨੇ ਆਲੀਆ ਨਾਲ 'ਗੰਗੂਬਾਈ' ਬਣਾਉਣ ਦਾ ਫੈਸਲਾ ਕੀਤਾ। ਆਲੀਆ ਨੇ ਫਿਲਮ ਦੀ ਸ਼ੂਟਿੰਗ ਪਿਛਲੇ ਸਾਲ ਦਸੰਬਰ ਦੇ ਅੰਤ 'ਚ ਸ਼ੁਰੂ ਕੀਤੀ ਸੀ। ਫਿਲਮ ਇਸ ਸਾਲ 11 ਸਤੰਬਰ ਨੂੰ ਰਿਲੀਜ਼ ਹੋਵੇਗੀ।