ਮੁੰਬਈ (ਬਿਊਰੋ)— ਕਠੂਆ, ਉਨਾਵ, ਸਾਸਾਰਾਮ, ਸੂਰਤ ਸਮੇਤ ਦੇਸ਼ ਦੇ ਹੋਰਨਾਂ ਹਿੱਸਿਆਂ 'ਚ ਜਬਰ-ਜ਼ਨਾਹ ਦੀਆਂ ਘਟਨਾਵਾਂ 'ਤੇ ਹਾਲ ਹੀ 'ਚ ਭੋਜਪੁਰੀ ਫਿਲਮ ਇੰਡਸਟਰੀ ਦੀ ਫਿਟਨੈੱਸ ਕੁਈਨ ਗਾਰਗੀ ਪੰਡਿਤ ਨੇ ਸੋਸ਼ਲ ਮੀਡੀਆ 'ਤੇ ਆਪਣੀ ਰਾਏ ਰੱਖੀ ਸੀ। ਇਨ੍ਹਾਂ ਮਾਮਲਿਆਂ ਖਿਲਾਫ ਆਪਣੇ ਗੁੱਸੇ ਦਾ ਇਜ਼ਹਾਰ ਕਰਦਿਆਂ ਗਾਰਗੀ ਨੇ ਬਲਾਤਕਾਰੀਆਂ ਨੂੰ ਫਾਂਸੀ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਉਸ ਨੂੰ ਸੋਸ਼ਲ ਮੀਡੀਆ 'ਤੇ ਧਮਕੀਆਂ ਮਿਲਣ ਲੱਗੀਆਂ। ਸੋਸ਼ਲ ਮੀਡੀਆ 'ਤੇ ਉਸ ਨੂੰ ਮੈਸਿਜ ਰਾਹੀਂ ਚੁੱਪ ਰਹਿਣ ਲਈ ਕਿਹਾ ਜਾਣ ਲੱਗਾ। ਬਾਵਜੂਦ ਇਸ ਦੇ ਗਾਰਗੀ ਨੇ ਕਿਹਾ ਕਿ ਉਹ ਬੋਲੇਗੀ ਤੇ ਉਸ ਨੂੰ ਬੋਲਣ ਦਾ ਹੱਕ ਹੈ।
ਮੈਂ ਸੈਲੇਬ੍ਰਿਟੀ ਹਾਂ, ਇਸ ਲਈ ਚੁੱਪ ਰਹਾਂ
ਦੱਸਣਯੋਗ ਹੈ ਕਿ ਰੇਪ ਮਾਮਲੇ 'ਚ ਗਾਰਗੀ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਕਰੀਨਾ ਕਪੂਰ ਖਾਨ, ਸਵਰਾ ਭਾਸਕਰ ਤੇ ਸੋਨਮ ਕਪੂਰ ਸਮੇਤ ਕਈ ਬਾਲੀਵੁੱਡ ਸਿਤਾਰੇ ਆਪਣੀ-ਆਪਣੀ ਰਾਏ ਰੱਖ ਚੁੱਕੇ ਹਨ। ਗਾਰਗੀ ਨੇ ਕਿਹਾ, 'ਭਾਰਤੀ ਨਾਗਰਿਕ ਹੋਣ ਦੇ ਨਾਤੇ ਮੇਰਾ ਅਧਿਕਾਰ ਹੈ ਕਿ ਦੇਸ਼ 'ਚ ਮਹਿਲਾਵਾਂ ਖਾਸਕਰ ਬੱਚੀਆਂ 'ਤੇ ਹੋ ਰਹੇ ਹਮਲਿਆਂ ਖਿਲਾਫ ਆਵਾਜ਼ ਚੁੱਕਾ। ਸੋਸ਼ਲ ਮੀਡੀਆ 'ਤੇ ਮੈਨੂੰ ਕੁਝ ਲੋਕਾਂ ਨੇ ਧਮਕੀ ਦਿੰਦਿਆਂ ਕਿਹਾ ਕਿ ਮੈਂ ਸੈਲੇਬ੍ਰਿਟੀ ਹਾਂ, ਇਸ ਲਈ ਚੁੱਪ ਰਹਾਂ ਪਰ ਮੇਰੇ ਦੇਸ਼ ਦਾ ਸੰਵਿਧਾਨ ਮੈਨੂੰ ਬੋਲਣ ਦਾ ਅਧਿਕਾਰ ਦਿੰਦਾ ਹੈ ਤੇ ਮੈਂ ਵੋਟ ਵੀ ਕਰਦੀ ਹਾਂ, ਇਸ ਲਈ ਮੈਂ ਬੋਲਾਂਗੀ।'
ਮਹਿਲਾਵਾਂ ਖਿਲਾਫ ਹੋ ਰਹੀ ਹਿੰਸਾ 'ਤੇ ਇਕਜੁਟ ਹੋਣ ਦੀ ਲੋੜ
ਗਾਰਗੀ ਨੇ ਕਿਹਾ, 'ਸਰਕਾਰ ਦੇ ਨਾਲ-ਨਾਲ ਅਜਿਹੇ ਮਾਮਲਿਆਂ 'ਚ ਮੀਡੀਆ ਦੀ ਵੀ ਅਹਿਮ ਭੂਮਿਕਾ ਹੋਣੀ ਚਾਹੀਦੀ ਹੈ। ਭਾਵ ਮੀਡੀਆ ਨੂੰ ਸਿਰਫ ਹੈੱਡਲਾਈਨ ਦਿਖਾ ਕੇ ਚੁੱਪ ਨਹੀਂ ਹੋਣਾ ਚਾਹੀਦਾ, ਉਨ੍ਹਾਂ ਨੂੰ ਵੀ ਹੈੱਡਲਾਈਨ ਤੋਂ ਅੱਗੇ ਨਿਕਲਣਾ ਚਾਹੀਦਾ ਹੈ। ਅੱਜ ਸਾਨੂੰ ਹਿੰਦੂ-ਮੁਸਲਮਾਨ ਤੋਂ ਅੱਗੇ ਨਿਕਲ ਕੇ ਮਹਿਲਾਵਾਂ ਦੇ ਖਿਲਾਫ ਹੋ ਰਹੀ ਹਿੰਸਾ 'ਤੇ ਇਕਜੁਟ ਹੋਣਾ ਹੋਵੇਗਾ।'