ਜਲੰਧਰ (ਬਿਊਰੋ) : ਪਾਲੀਵੁੱਡ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਗੈਰੀ ਸੰਧੂ ਨੂੰ ਕੋਣ ਨਹੀਂ ਜਾਣਦਾ, ਉਨ੍ਹਾਂ ਨੇ ਸਿਰਫ ਪਾਲੀਵੁੱਡ 'ਚ ਹੀ ਨਹੀਂ ਸਗੋਂ ਬਾਲੀਵੁੱਡ ਫਿਲਮ ਇੰਡਸਟਰੀ 'ਚ ਆਪਣੇ ਗੀਤਾਂ ਨਾਲ ਆਪਣੀ ਧਕ ਜਮਾਉਣੀ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਸਾਲ 2019 'ਚ ਆਈ 'ਚੱਲ ਮੇਰਾ ਪੁੱਤ' ਦੀ ਸਫਲਤਾ ਤੋਂ ਬਾਅਦ ਫਿਲਮ ਨਿਰਮਾਤਾ ਨੇ ਨਾਲ ਹੀ ਦੂਜਾ ਭਾਗ ਦਾ ਐਲਾਨ ਕਰਕੇ ਸ਼ੂਟ ਵੀ ਸ਼ੂਰ ਕਰ ਦਿੱਤਾ ਹੈ।
'ਚੱਲ ਮੇਰਾ ਪੁੱਤ' 'ਚ ਭਾਵੇਂ ਜ਼ਿਆਦਾਤਰ ਅਦਾਕਾਰ ਪੁਰਾਣੇ ਹੀ ਹਨ ਪਰ ਇਸ ਵਾਰ ਇਨ੍ਹਾਂ 'ਚ ਇਕ ਨਵਾਂ ਨਾਂ ਵੀ ਜੁੜਿਆ ਹੈ। ਇਹ ਨਵਾਂ ਨਾਂ ਕੋਈ ਹੋਰ ਨਹੀਂ ਸਗੋਂ ਗੈਰੀ ਸੰਧੂ ਦਾ ਹੈ। ਜੀ ਹਾਂ, ਇਸ ਫਿਲਮ 'ਚ ਮੁੱਖ ਕਿਰਦਾਰਾਂ 'ਚ ਅਮਰਿੰਦਰ ਗਿੱਲ, ਸਿੰਮੀ ਚਾਹਲ, ਗੈਰੀ ਸੰਧੂ, ਗੁਰਸ਼ਬਦ, ਹਰਦੀਪ ਗਿੱਲ, ਇਫਤਿਖਾਰ ਠਾਕੁਰ, ਨਾਸਿਰ ਚਿਨੋਟੀ, ਅਕਰਮ ਉਦਾਸ ਤੋਂ ਇਲਾਵਾ ਕਈ ਹੋਰ ਪੰਜਾਬੀ ਕਲਾਕਾਰ ਨਜ਼ਰ ਆਉਣਗੇ।
ਦੱਸ ਦਈਏ ਕਿ ਸਾਲ 2019 'ਚ ਫਿਲਮ 'ਚੱਲ ਮੇਰਾ ਪੁੱਤ' ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ ਅਤੇ ਇਹ ਫਿਲਮ ਸਾਲ 2019 ਦੀ ਸਫਲ ਫਿਲਮਾਂ 'ਚੋਂ ਇਕ ਰਹੀ ਹੈ। ਇਸ ਫਿਲਮ ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਤੇ ਸਾਂਝੇ ਪੰਜਾਬ ਦੇ ਪਿਆਰ ਨੂੰ ਬੜੇ ਹੀ ਬਿਹਤਰੀਨ ਢੰਗ ਨਾਲ ਵੱਡੇ ਪਰਦੇ 'ਤੇ ਪੇਸ਼ ਕੀਤਾ ਗਿਆ ਸੀ। ਜਨਜੋਤ ਸਿੰਘ ਵੱਲੋਂ ਨਿਰਦੇਸ਼ਿਤ ਇਸ ਫਿਲਮ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ।
ਇਹ ਫਿਲਮ ਵਿਦੇਸ਼ 'ਚ ਰਹਿੰਦੇ ਪੰਜਾਬੀਆਂ ਦੇ ਸੰਘਰਸ਼ ਦੀ ਕਹਾਣੀ 'ਤੇ ਆਧਾਰਿਤ ਸੀ। ਮਜ਼ਾਹੀਆ ਅੰਦਾਜ਼ ਦੇ ਨਾਲ-ਨਾਲ ਇਮੋਸ਼ਨਲ ਸਟੋਰੀ ਨੂੰ ਕਿਵੇਂ ਇਕ ਮੈਸੇਜ ਦਿੰਦੇ ਹੋਏ ਪਰਦੇ 'ਤੇ ਉਤਾਰਨਾ ਹੈ, ਆਪਣੀ ਪਲੇਠੀ ਫਿਲਮ 'ਚ ਹੀ ਨਿਰਦੇਸ਼ਕ ਜਨਜੋਤ ਨੇ ਇਹ ਨਬਜ਼ ਫੜ ਲਈ ਸੀ। ਫਿਲਮ 'ਚੱਲ ਮੇਰਾ ਪੁੱਤ 2' 13 ਮਾਰਚ 2020 ਨੂੰ ਰਿਲੀਜ਼ ਹੋ ਰਹੀ ਹੈ।