ਨਵੀਂ ਦਿੱਲੀ— ਦੰਗਲ ਫਿਲਮ ਬਣਾਉਣ ਵਾਲੇ ਆਮਿਰ ਖਾਨ 'ਤੇ ਗੀਤਾ ਫੋਗਾਟ ਦੇ ਅਸਲੀ ਕੋਚ ਪਿਆਰੇ ਲਾਲ ਸੋਂਧੀ ਨੇ ਗੰਭੀਰ ਦੋਸ਼ ਲਗਾਏ ਹਨ। ਫੋਗਾਟ ਦੇ ਕੋਚ ਪਿਆਰੇ ਲਾਲ ਨੇ ਇਕ ਅਖ਼ਬਾਰ 'ਚ ਦਿੱਤੇ ਗਏ ਇੰਟਰਵਿਊ ਦੌਰਾਨ ਕਿਹਾ ਕਿ ਫਿਲਮ ਨੂੰ ਹਿੱਟ ਕਰਵਾਉਣ ਅਤੇ ਰੋਮਾਂਚਕ ਬਣਾਉਣ ਲਈ ਫਿਲਮ 'ਚ ਉਨ੍ਹਾਂ ਦੇ ਕਿਰਦਾਰ ਨਾਲ ਖਿਲਵਾੜ ਕੀਤਾ ਗਿਆ ਹੈ। ਫਿਲਮ 'ਚ ਨੈਸ਼ਨਲ ਸਪੋਰਟਸ ਅਕੈਡਮੀ 'ਚ ਗੀਤਾ-ਬਬੀਤਾ ਦੇ ਕੋਚ ਦਾ ਕਿਰਦਾਰ ਪ੍ਰਮੋਦ ਕਦਮ ਨਾਂ ਨਾਲ ਦਿਖਾਇਆ ਗਿਆ ਹੈ ਪਰ ਅਸਲ ਜੀਵਨ 'ਚ ਗੀਤਾ ਅਤੇ ਬਬੀਤਾ ਫੋਗਾਟ ਦੇ ਕੋਚ ਅਤੇ ਕਾਮਨਵੈਲਥ ਗੇਮਜ਼ ਦੌਰਾਨ ਰੈਸਲਿੰਗ 'ਚ ਭਾਰਤ ਦੇ ਮੁੱਖ ਕੋਚ ਪਿਆਰੇ ਲਾਲ ਸੋਂਧੀ ਇਸ ਫਿਲਮ 'ਚ ਦਿਖਾਏ ਗਏ ਆਪਣੇ ਨੈਗਟਿਵ ਕਿਰਦਾਰ ਤੋਂ ਬਹੁਤ ਨਾਰਾਜ਼ ਹਨ।
ਉਨ੍ਹਾਂ ਨੇ ਕਿਹਾ ਕਿ ਫਿਲਮ 'ਚ ਉਨ੍ਹਾਂ ਬਾਰੇ ਗਲਤ ਪ੍ਰਚਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਨਾਲ ਜੁੜੀਆਂ ਸਾਰੀਆਂ ਗੱਲਾਂ ਗਲਤ ਹਨ। ਜਦਕਿ ਅਸਲ ਜੀਵਨ 'ਚ ਅਜਿਹਾ ਬਿਲਕੁਲ ਵੀ ਨਹੀਂ ਸੀ। ਸੋਂਧੀ ਨੇ ਕਿਹਾ ਕਿ ਗੀਤਾ ਅਤੇ ਬਬੀਤਾ ਉਨ੍ਹਾਂ ਦੀਆਂ ਬੇਟੀਆਂ ਵਰਗੀਆਂ ਹਨ, ਜਦਕਿ ਮਹਾਵੀਰ ਸਿੰਘ ਫੋਗਾਟ ਦੇ ਨਾਲ ਪਿਛਲੇ 15 ਸਾਲਾਂ ਤੋਂ ਉਨ੍ਹਾਂ ਦੇ ਚੰਗੇ ਰਿਸ਼ਤੇ ਹਨ।
ਸੋਂਧੀ ਨੇ ਫਿਲਮ ਦੇ ਆਖਰੀ ਸੀਨ 'ਚ ਮਹਾਵੀਰ ਸਿੰਘ ਫੋਗਾਟ ਨੂੰ ਸਟੇਡੀਅਮ ਦੇ ਕਮਰੇ 'ਚ ਬੰਦ ਕੀਤੇ ਜਾਣ ਵਾਲੇ ਸੀਨ 'ਤੇ ਵੀ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਇਕ ਨੈਸ਼ਨਲ ਕੋਚ ਜੇਕਰ ਕਿਸੇ ਨੂੰ ਕਮਰੇ 'ਚ ਬੰਦ ਕਰ ਦਿੰਦਾ ਤਾਂ ਨੈਸ਼ਨਲ ਮੀਡੀਆ ਉਸ ਨੂੰ ਜ਼ਰੂਰ ਰਿਪੋਰਟ ਕਰਦਾ ਅਤੇ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਰਹਿਣੀ ਸੀ। ਮੈਨੂੰ ਲੱਗਦਾ ਹੈ ਕਿ ਕਲਾਈਮੈਕਸ 'ਚ ਇਸ ਤਰ੍ਹਾਂ ਦਾ ਝੂਠਾ ਸੀਨ ਫਿਲਮਾਇਆ ਜਾ ਰਿਹਾ ਸੀ, ਇਸੇ ਕਾਰਨ ਫਿਲਮ ਦੇ ਆਖਰੀ ਸੀਨ ਦੀ ਸ਼ੂਟਿੰਗ ਦੌਰਾਨ ਮੈਨੂੰ ਸੈੱਟ 'ਤੇ ਨਹੀਂ ਬੁਲਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਮੈਂ ਫਿਲਮ 'ਚ ਦਿਖਾਏ ਗਏ ਆਪਣੇ ਕਿਰਦਾਰ ਬਾਰੇ ਪਹਿਲਾਂ ਆਮਿਰ ਨਾਲ ਗੱਲ ਕਰਾਂਗਾ ਅਤੇ ਜੇਕਰ ਮੈਂ ਸੰਤੁਸ਼ਟ ਨਾ ਹੋਇਆ ਤਾਂ ਇਸ ਮਾਮਲੇ 'ਚ ਕਾਨੂੰਨੀ ਕਾਰਵਾਈ ਵੀ ਕਰਾਂਗਾ। ਇਸਦੇ ਨਾਲ ਹੀ ਸੋਂਧੀ ਨੇ ਕਿਹਾ ਕਿ ਮੈਨੂੰ ਆਮਿਰ ਵਰਗੇ ਇਨ੍ਹੇ ਵੱਡੇ ਅਭਿਨੇਤਾ ਤੋਂ ਅਜਿਹੀ ਉਮੀਦ ਨਹੀਂ ਸੀ।