FacebookTwitterg+Mail

'ਭਾਈ ਜੈਤਾ' ਦੀ ਟੀਮ ਨੇ ਲਿਆ ਅਹਿਮ ਫ਼ੈਸਲਾ, ਫ਼ਿਲਮ ਦੀ ਸ਼ੂਟਿੰਗ ਕੀਤੀ ਮੁਲਤਵੀ

gippy grewal
11 January, 2017 10:36:02 AM
ਜਲੰਧਰ— ਨਿਰਦੇਸ਼ਕ ਸਿਮਰਜੀਤ ਸਿੰਘ ਦੀ ਆਉਣ ਵਾਲੀ ਫ਼ਿਲਮ 'ਭਾਈ ਜੈਤਾ' ਦੀ ਸ਼ੂਟਿੰਗ ਫ਼ਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ। ਇਸ ਫ਼ਿਲਮ 'ਚ ਪੰਜਾਬੀ ਗਾਇਕ ਤੇ ਅਭਿਨੇਤਾ ਗਿੱਪੀ ਗਰੇਵਾਲ ਮੁੱਖ ਭੂਮਿਕਾ ਨਿਭਾਅ ਰਿਹਾ ਹੈ। ਇਸ ਫ਼ਿਲਮ ਦਾ ਪੋਸਟਰ ਬੀਤੇ ਸੋਮਵਾਰ•ਜਦੋਂ ਸੋਸ਼ਲ ਮੀਡੀਆ 'ਤੇ ਪਾਇਆ ਗਿਆ ਤਾਂ ਬਹੁਗਿਣਤੀ ਲੋਕਾਂ ਨੇ ਜਿਥੇ ਇਕ ਪਾਸੇ ਅਜਿਹੇ ਧਾਰਮਿਕ ਤੇ ਇਤਿਹਾਸਕ ਵਿਸ਼ੇ 'ਤੇ ਫ਼ਿਲਮ ਬਣਾਉਣ ਦੇ ਫ਼ੈਸਲੇ ਦੀ ਪ੍ਰਸ਼ੰਸਾਂ ਕੀਤੀ ਗਈ, ਉਥੇ ਕੁਝ ਲੋਕਾਂ ਨੇ ਇਸ ਗੱਲ ਦਾ ਵਿਰੋਧ ਵੀ ਕੀਤਾ। ਕਿਹਾ ਗਿਆ ਕਿ ਭਾਈ ਜੈਤਾ ਜੀ ਦਾ ਕਿਰਦਾਰ ਕੋਈ ਵੀ ਕਲਾਕਾਰ ਨਹੀਂ ਨਿਭਾ ਸਕਦਾ। ਅਜਿਹਾ ਕਰਨਾ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ। ਉਮੀਦ ਕੀਤੀ ਗਈ ਸੀ ਕਿ ਇਸ ਫ਼ਿਲਮ ਨੂੰ ਗਿੱਪੀ ਗਰੇਵਾਲ ਜਾਂ ਕਿਸੇ ਹੋਰ ਕਲਾਕਾਰ ਦੀ ਥਾਂ 'ਚਾਰ ਸਾਹਿਬਜ਼ਾਦੇ' ਵਾਂਗ ਐਨੀਮੇਸ਼ਨ 'ਚ ਹੀ ਬਣਾਇਆ ਜਾਵੇ। ਲੋਕਾਂ ਦੇ ਸੁਝਾਵਾਂ ਤੋਂ ਬਾਅਦ ਫ਼ਿਲਮ ਦੀ ਟੀਮ ਨੇ ਇਸ ਸਬੰਧੀ ਹੁਣ ਕੋਈ ਫ਼ੈਸਲਾ ਜਲਦਬਾਜ਼ੀ 'ਚ ਨਾ ਲੈਣ ਦਾ ਐਲਾਨ ਕੀਤਾ ਹੈ। ਟੀਮ ਦਾ ਕਹਿਣਾ ਹੈ ਕਿ ਭਾਵੇਂ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮਨਜੂਰੀ ਲੈ ਗਈ ਸੀ ਪਰ ਹੁਣ ਇਸ ਮਾਮਲੇ 'ਚ ਪੰਜਾਬ ਦੀਆਂ ਧਾਰਮਿਕ ਜਥੇਬੰਦੀਆਂ ਵੀ ਮਸ਼ਵਰਾ ਕਰਨਗੀਆਂ। ਇਸ ਸਬੰਧੀ ਅੰਤਿਮ ਫ਼ੈਸਲਾ ਲੈਣ ਤੋਂ ਬਾਅਦ ਹੀ ਜਨਤਕ ਤੌਰ 'ਤੇ ਕੋਈ ਨਵਾਂ ਐਲਾਨ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ, ਭਾਈ ਜੈਤਾ ਜੀ ਦਸਵੇਂ ਪਾਤਸ਼ਾਹ ਸ਼ੀ੍ਰ ਗੁਰੂ ਗੋਬਿੰਦ ਸਿੰਘ ਜੀ ਦੇ ਬੇਹੱਦ ਕਰੀਬੀ ਸਨ। ਉਹ ਗੁਰੂ ਜੀ ਦੇ ਪ੍ਰਮੁੱਖ ਅੰਗ ਰੱਖਿਅਕ ਸਨ। ਭਾਈ ਜੈਤਾ ਨਾਂ ਉਨ੍ਹਾਂ ਨੂੰ ਸ਼ੀ੍ਰ ਗੁਰੂ ਤੇਗ ਬਹਾਦਰ ਜੀ ਨੇ ਦਿੱਤਾ ਸੀ। ਭਾਈ ਜੈਤਾ ਜੀ ਹੀ ਦਿੱਲੀ ਤੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਚੁੱਕ ਕੇ ਲਿਆਏ ਸਨ। ਸਾਲ 1699 'ਚ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਨੂੰ ਅੰਮ੍ਰਿਤ ਛਕਾ ਨੇ ਭਾਈ ਜੈਤਾ ਤੋਂ ਭਾਈ ਜੀਵਨ ਸਿੰਘ ਬਣਾਇਆ ਸੀ। ਭਾਈ ਜੈਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ 'ਚ 15 ਤੋਂ ਵੱਧ ਵੱਡੀਆਂ ਲੜਾਈਆਂ ਲੜੀਆਂ ਸਨ। ਭਾਈ ਜੈਤਾ ਸਿੰਘ ਬਾਰੇ ਮਸ਼ਹੂਰ ਸੀ ਕਿ ਉਹ ਜੰਗ ਦੇ ਮੈਦਾਨ 'ਚ ਘੋੜੇ ਦੀ ਲਗਾਮ ਮੂੰਹ 'ਚ ਪਾ ਕੇ ਦੋਵਾਂ ਹੱਥਾਂ ਨਾਲ ਲੜਾਈ ਲੜਦੇ ਸਨ। ਇਸ ਮਹਾਨ ਸੂਰਬੀਰ ਦੀ ਜ਼ਿੰਦਗੀ 'ਤੇ ਫ਼ਿਲਮ ਬਣਾਉਣਾ ਆਪਣੇ ਆਪ 'ਚ ਮਹਾਨ ਅਤੇ ਚੁਣੌਤੀਪੂਰਵਕ ਕਾਰਜ ਹੈ। ਇਸ ਫ਼ਿਲਮ ਦੀ ਟੀਮ ਇਸ ਵਿਸ਼ੇ 'ਤੇ ਦੋ ਸਾਲਾਂ ਤੋਂ ਕੰਮ ਕਰ ਰਹੀ ਸੀ। ਅਜਿਹੇ ਵਿਸ਼ੇ ਨੂੰ ਬਣਾਉਂਦਿਆਂ ਟਾਈਮ ਪ੍ਰੀਰੀਅਡ, ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਅਤੇ ਇਤਿਹਾਸ ਦੇ ਤੱਥਾਂ ਦਾ ਖ਼ਿਆਲ ਰੱਖਣਾ ਬੇਹੱਦ ਜ਼ਰੂਰੀ ਹੁੰਦਾ ਹੈ। ਉਮੀਦ ਕੀਤੀ ਜਾਂਦੀ ਹੈ ਇਹ ਫ਼ਿਲਮ ਇਨ੍ਹਾਂ ਸਾਰਿਆਂ ਮੁੱਦਿਆਂ ਦਾ ਖਿਆਲ ਰੱਖਦੀ ਹੋਈ ਪੰਜਾਬੀ ਦੀ ਸ਼ਾਹਕਾਰ ਫ਼ਿਲਮ ਵਜੋਂ ਸਾਹਮਣੇ ਆਵੇਗੀ। ਸਾਲ 2018 'ਚ ਰਿਲੀਜ਼ ਕੀਤੀ ਜਾਣ ਵਾਲੀ ਇਸ ਫ਼ਿਲਮ ਦੇ ਨਿਰਮਾਤਾ ਅਮਨੀਤ ਸ਼ੇਰ ਸਿੰਘ ਹਨ।

Tags: ਗਿੱਪੀ ਗਰੇਵਾਲਭਾਈ ਜੈਤਾਸ਼ੂਟਿੰਗ ਮੁਲਤਵੀ Gippy Grewal Bhai Jaita shooting postponed