ਜਲੰਧਰ(ਬਿਊਰੋ)— ਭੂਸ਼ਣ ਕੁਮਾਰ ਨਾਲ ਦੋ ਫਿਲਮਾਂ ਅਨਾਊਂਸ ਕਰਨ ਤੋਂ ਬਾਅਦ ਪਾਲੀਵੁੱਡ ਐਕਟਰ ਗਿੱਪੀ ਗਰੇਵਾਲ ਨੇ ਅੱਜ ਇਕ ਨਵੀਂ ਅਪਡੇਟ ਆਪਣੇ ਫੈਨਜ਼ ਨੂੰ ਦਿੱਤੀ ਹੈ। ਦਰਅਸਲ ਗਿੱਪੀ ਨੇ ਆਪਣੀਆਂ ਦੋ ਫਿਲਮਾਂ ਦੀ ਰਿਲੀਜ਼ ਡੇਟ ਦੱਸੀ ਹੈ। ਇਨ੍ਹਾਂ 'ਚੋਂ ਪਹਿਲੀ ਫਿਲਮ ਹੈ 'ਮੰਜੇ ਬਿਸਤਰੇ 2', ਜੋ ਕਿ 12 ਅਪ੍ਰੈਲ 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਦੂਜੀ ਫਿਲਮ ਦਾ ਨਾਂ ਅਜੇ ਫਾਈਨਲ ਨਹੀਂ ਹੋਇਆ, ਜੋ ਕਿ 12 ਜੁਲਾਈ 2019 ਨੂੰ ਰਿਲੀਜ਼ ਹੋਵੇਗੀ।
ਦੱਸ ਦੇਈਏ ਕਿ ਇਹ ਦੋਵੇਂ ਫਿਲਮਾਂ 'ਹੰਬਲ ਮੋਸ਼ਨ ਪਿਕਚਰਸ' ਦੇ ਬੈਨਰ ਹੇਠ ਬਣਾਈਆਂ ਜਾ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ 'ਮੰਜੇ ਬਿਸਤਰੇ 2' ਸਾਲ 2017 'ਚ ਆਈ ਫਿਲਮ 'ਮੰਜੇ ਬਿਸਤਰੇ' ਦਾ ਸੀਕੁਅਲ ਹੈ। ਇਸ ਦੇ ਵਿਕਾਸ 'ਤੇ ਗੱਲ ਕਰਦੇ ਹੋਏ ਭੂਸ਼ਣ ਕੁਮਾਰ ਨੇ ਕਿਹਾ, ''ਗਿੱਪੀ ਗਰੇਵਾਲ ਨਾਲ ਅਸੀਂ ਕਈ ਸਾਲਾਂ ਤੋਂ ਚੰਗਾ ਰਿਸ਼ਤਾ ਕਾਇਮ ਕੀਤਾ ਹੈ ਅਤੇ ਉਨ੍ਹਾਂ ਨਾਲ ਕਈ ਗੀਤਾਂ 'ਤੇ ਕੰਮ ਕੀਤਾ ਹੈ। ਇਸ ਦੇ ਨਾਲ ਅਸੀਂ ਦੋ ਪੰਜਾਬੀ ਫਿਲਮਾਂ 'ਤੇ ਉਨ੍ਹਾਂ ਨਾਲ ਸਹਿਯੋਗ ਕਰਨ ਲਈ ਉਤਸੁਕ ਹੈ। ਮੈਨੂੰ ਯਕੀਨ ਹੈ ਇਹ ਇਕ ਮਜ਼ੇਦਾਰ ਸਵਾਰੀ ਦੀ ਤਰ੍ਹਾਂ ਹੋਵੇਗੀ।''
ਗਿੱਪੀ ਗਰੇਵਾਲ ਨੇ ਕਿਹਾ, ''ਅਸੀਂ ਅਤੀਤ 'ਚ ਬਲਜੀਤ ਸਿੰਘ ਦੇਵ ਦੁਆਰਾ ਨਿਰਦੇਸ਼ਿਤ 'ਮੰਜੇ ਬਿਸਤਰੇ' ਤੇ ਸਮੀਪ ਕੰਗ ਦੁਆਰਾ ਨਿਰਦੇਸ਼ਿਤ 'ਕੈਰੀ ਆਨ ਜੱਟਾ' ਵਰਗੀਆਂ ਫਿਲਮਾਂ ਬਣਾਈਆਂ ਹਨ। ਪੰਜਾਬ 'ਚ ਸਾਡਾ ਪ੍ਰੋਡਕਸ਼ਨ ਹਾਊਸ ਨੰਬਰ ਵਨ 'ਤੇ ਹੈ। ਅਸੀਂ ਇਕ ਵਾਰ ਫਿਰ ਦੋਵੇਂ ਨਿਰਦੇਸ਼ਕਾਂ ਨਾਲ ਸਹਿਯੋਗ ਕਰ ਰਹੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਪੰਜਾਬ 'ਚ ਇਹ ਦੋਵੇਂ ਫਿਲਮਾਂ ਵੀ ਕਾਫੀ ਹਿੱਟ ਸਾਬਿਤ ਹੋਣਗੀਆਂ। ਟੀ-ਸੀਰੀਜ਼ ਨਾਲ ਸਾਡੀ ਨਵੀਂ ਸਾਂਝੇਦਾਰੀ ਹੁਣ ਇਨ੍ਹਾਂ ਦੋ ਫਿਲਮਾਂ ਨੂੰ ਵੱਡੇ ਪੈਮਾਨੇ 'ਤੇ ਰਿਲੀਜ਼ ਕਰਨ 'ਚ ਸਮੱਰਥ ਹੋਣਗੇ। ਮੈਂ ਭੂਸ਼ਣ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਇਸ ਨੂੰ ਸੰਭਵ ਬਣਾਇਆ।''