ਜਲੰਧਰ (ਬਿਊਰੋ) : ਕਾਮਯਾਬੀ ਦੀਆਂ ਬੁਲੰਦੀਆਂ 'ਤੇ ਪਹੁੰਚੇ ਫਿਲਮ ਡਾਇਰੈਕਟਰ, ਐਕਟਰ ਤੇ ਗਾਇਕ ਗਿੱਪੀ ਗਰੇਵਾਲ ਪੰਜਾਬੀ ਫਿਲਮ 'ਅਰਦਾਸ' ਦਾ ਸੀਕਵਲ 'ਅਰਦਾਸ 2' ਬਣਾ ਰਹੇ ਹਨ। ਇਸ ਫਿਲਮ ਦੀ ਕਹਾਣੀ ਵੀ ਗਿੱਪੀ ਗਰੇਵਾਲ ਨੇ ਲਿਖੀ ਹੈ। ਗਿੱਪੀ ਮੁਤਾਬਕ ਇਸ ਫਿਲਮ 'ਚ ਵੀ 'ਅਰਦਾਸ' ਫਿਲਮ ਵਾਂਗ ਵੱਖ- ਵੱਖ ਲੋਕਾਂ ਦੀਆਂ ਵੱਖ-ਵੱਖ ਕਹਾਣੀਆਂ ਹੋਣਗੀਆਂ। ਇਹ ਫਿਲਮ ਸਾਲ 2019 'ਚ ਰਿਲੀਜ਼ ਹੋਵੇਗੀ, ਜਿਸ ਦੀ ਜਾਣਕਾਰੀ ਗਿੱਪੀ ਗਰੇਵਾਲ ਨੇ ਆਪਣੇ ਆਫੀਸ਼ੀਅਲ ਅਕਾਊਂਟ ਇੰਸਟਾਗ੍ਰਾਮ 'ਤੇ ਵੀ ਦਿੱਤੀ ਹੈ ਪਰ ਇਸ ਦੇ ਨਾਲ ਹੀ ਗਿੱਪੀ ਨੇ ਆਪਣੇ ਪ੍ਰਸ਼ੰਸਕਾਂ ਲਈ ਖਾਸ ਐਲਾਨ ਵੀ ਕੀਤਾ ਹੈ। ਜੀ ਹਾਂ, ਗਿੱਪੀ ਗਰੇਵਾਲ ਨੂੰ ਇਸ ਫਿਲਮ ਲਈ ਕੁਝ ਨਵੇਂ ਕਲਾਕਾਰਾਂ ਦੀ ਲੋੜ ਹੈ। ਜੇਕਰ ਕੋਈ ਇਸ ਫਿਲਮ ਦਾ ਹਿੱਸਾ ਬਣਨਾ ਚਾਹੁੰਦਾ ਹੈ ਤਾਂ ਉਹ ਇਸ ਲਈ ਆਡੀਸ਼ਨ ਦੇ ਸਕਦਾ ਹੈ। ਗਿੱਪੀ ਨੇ ਇਸ ਆਡੀਸ਼ਨ ਦਾ ਇਕ ਪੋਸਟਰ ਵੀ ਸ਼ੇਅਰ ਕੀਤਾ ਹੈ। ਇਸ ਪੋਸਟਰ 'ਤੇ ਦਿੱਤੇ ਹੋਏ ਨੰਬਰ ਤੇ ਨਵੇਂ ਕਲਾਕਾਰ ਫੋਨ ਕਰਕੇ ਆਡੀਸ਼ਨ ਲਈ ਟਾਈਮ ਲੈ ਸਕਦੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਗਿੱਪੀ ਨੇ ਇਕ ਵੀਡੀਓ ਵੀ ਸ਼ੇਅਰ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਕਲਾਕਾਰਾਂ ਨੂੰ ਆਡੀਸ਼ਨ ਦੇਣ ਲਈ ਕਿਹਾ ਸੀ।
ਦੱਸ ਦੇਈਏ ਕਿ ਸਾਲ 2016 'ਚ ਰਿਲੀਜ਼ ਹੋਈ ਫਿਲਮ 'ਅਰਦਾਸ' ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਇਸ ਫਿਲਮ 'ਚ ਵੀ ਕਈ ਕਹਾਣੀਆਂ ਨੂੰ ਬਿਆਨ ਕੀਤਾ ਗਿਆ ਸੀ। ਇਸ ਫਿਲਮ 'ਚ ਪੰਜਾਬ ਦੇ ਲੋਕਾਂ ਨਾਲ ਜੁੜੇ ਕਈ ਮਸਲਿਆਂ ਨੂੰ ਉਠਾਇਆ ਗਿਆ ਸੀ। ਇਸ ਵਾਰ ਗਿੱਪੀ 'ਅਰਦਾਸ 2' 'ਚ ਕੀ ਨਵਾਂ ਲੈ ਕੇ ਆਉਂਦੇ ਹਨ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ।