FacebookTwitterg+Mail

ਦਰਸ਼ਕਾਂ ਦਾ ਭਰੋਸਾ ਨਹੀਂ ਤੋੜੇਗੀ 'ਮੰਜੇ ਬਿਸਤਰੇ 2' : ਗਿੱਪੀ ਗਰੇਵਾਲ

gippy grewal manje bistre 2
22 March, 2019 02:42:22 PM

ਚੰਡੀਗੜ੍ਹ, (ਬਿਊਰੋ)— 'ਮੇਰੀ ਤੇ ਮੇਰੀ ਟੀਮ ਦੀ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਹੈ ਕਿ ਫ਼ਿਲਮ ਅਜਿਹੀ ਬਣਾਈ ਜਾਵੇ, ਜੋ ਹਰ ਉਮਰ ਵਰਗ ਦੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇ। ਉਹ ਹਮੇਸ਼ਾ ਪਰਿਵਾਰਕ ਡਰਾਮੇ ਵਾਲੀ ਫ਼ਿਲਮ ਨੂੰ ਤਰਜ਼ੀਹ ਦਿੰਦੇ ਹਨ, ਇਹੀ ਕਾਰਨ ਹੈ ਕਿ ਦਰਸ਼ਕ ਹਰ ਵਾਰ ਉਨ੍ਹਾਂ ਦੀ ਫ਼ਿਲਮ ਨੂੰ ਅਥਾਹ ਪਿਆਰ ਬਖ਼ਸ਼ਦੇ ਹਨ।' ਇਹ ਕਹਿਣਾ ਹੈ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦਾ। ਉਹ ਅੱਜਕਲ ਆਪਣੀ ਫ਼ਿਲਮ 'ਮੰਜੇ ਬਿਸਤਰੇ 2' ਨੂੰ ਲੈ ਕੇ ਚਰਚਾ 'ਚ ਹਨ। 12 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ 'ਚ ਮੁੱਖ ਭੂਮਿਕਾ ਨਿਭਾਉਣ ਦੇ ਨਾਲ-ਨਾਲ ਗਿੱਪੀ ਗਰੇਵਾਲ ਨੇ ਇਸ ਦੀ ਕਹਾਣੀ ਵੀ ਖੁਦ ਲਿਖੀ ਹੈ। ਉਨ੍ਹਾਂ ਦੇ ਹੀ ਨਿੱਜੀ ਪ੍ਰੋਡਕਸ਼ਨ ਹਾਊਸ 'ਹੰਬਲ ਮੋਸ਼ਨ ਪਿਕਚਰਸ' ਦੇ ਬੈਨਰ ਹੇਠ ਰਿਲੀਜ਼ ਹੋ ਰਹੀ ਇਸ ਫ਼ਿਲਮ 'ਚ ਸਿੰਮੀ ਚਾਹਲ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਕੈਨੇਡਾ 'ਚ ਫਿਲਮਾਈ ਗਈ ਇਸ ਫ਼ਿਲਮ ਦੀ ਕਹਾਣੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਦਾ ਦਮ ਰੱਖਦੀ ਹੈ। ਇਸ ਫ਼ਿਲਮ 'ਚ ਪੰਜਾਬੀ ਵਿਆਹਾਂ ਤੇ ਰੀਤੀ-ਰਿਵਾਜਾਂ ਨੂੰ ਦਿਖਾਇਆ ਗਿਆ ਹੈ ਪਰ ਇਹ ਵਿਆਹ ਪੰਜਾਬ 'ਚ ਨਹੀਂ, ਸਗੋਂ ਕੈਨੇਡਾ 'ਚ ਦਿਖਾਇਆ ਗਿਆ ਹੈ।

ਗਿੱਪੀ ਗਰੇਵਾਲ ਮੁਤਾਬਕ ਇਸ ਤੋਂ ਪਹਿਲਾਂ ਆਈ 'ਮੰਜੇ ਬਿਸਤਰੇ 1' ਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ ਸੀ। ਇਸ ਫ਼ਿਲਮ ਦੀ ਆਪਾਰ ਸਫ਼ਲਤਾ ਤੋਂ ਬਾਅਦ ਹੀ ਉਹ ਇਸ ਦਾ ਸੀਕੁਅਲ 'ਮੰਜੇ ਬਿਸਤਰੇ 2' ਲੈ ਕੇ ਆ ਰਹੇ ਹਨ। ਇਸ ਫ਼ਿਲਮ ਨੂੰ ਬਣਾਉਣ ਸਮੇਂ ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹੀ ਸੀ ਕਿ ਉਹ ਇਸ ਫ਼ਿਲਮ ਨੂੰ 'ਮੰਜੇ ਬਿਸਤਰੇ 1' ਤੇ ਹੋਰਾਂ ਪੰਜਾਬੀ ਫ਼ਿਲਮਾਂ ਨਾਲੋਂ ਵੱਖਰਾ ਕਿਵੇਂ ਬਣਾਉਣ। ਇਸੇ ਲਈ ਉਨ੍ਹਾਂ ਦੀ ਟੀਮ ਨੇ ਇਸ ਫਿਲਮ ਦੀ ਕਹਾਣੀ ਨੂੰ ਇਕ ਵੱਖਰੀ ਰੰਗਤ ਦੇਣ ਲਈ ਇਸ ਨੂੰ ਪੰਜਾਬ 'ਚ ਦਿਖਾਇਆ ਹੈ।

ਕੈਨੇਡਾ 'ਚ ਰਹਿੰਦੇ ਇਕ ਪੰਜਾਬੀ ਪਰਿਵਾਰ ਦੇ ਮੁੰਡੇ ਦਾ ਵਿਆਹ ਰੱਖਿਆ ਜਾਂਦਾ ਹੈ ਤਾਂ ਉਹ ਆਪਣਾ ਵਿਆਹ ਕੈਨੇਡਾ 'ਚ ਹੀ ਕਰਨ ਦੀ ਜ਼ਿਦ ਕਰਦਾ ਹੈ ਪਰ ਪਰਿਵਾਰ ਚਾਹੁੰਦਾ ਹੈ ਕਿ ਇਹ ਵਿਆਹ ਪੰਜਾਬ 'ਚ ਜਾ ਕੇ ਧੂਮ-ਧੜੱਕੇ ਨਾਲ ਕੀਤਾ ਜਾਵੇ। ਅਖੀਰ ਇਹ ਫ਼ੈਸਲਾ ਹੁੰਦਾ ਹੈ ਕਿ ਵਿਆਹ ਕੈਨੇਡਾ 'ਚ ਵੀ ਕੀਤਾ ਜਾਵੇਗਾ ਪਰ ਪੰਜਾਬੀ ਰੀਤੀ-ਰਿਵਾਜਾਂ ਨਾਲ। ਇਸ ਫ਼ਿਲਮ 'ਚ ਕਈ ਦਿਲਚਸਪ ਪਹਿਲੂ ਹਨ, ਜੋ ਦਰਸ਼ਕਾਂ ਦੀ ਦਿਲਚਸਪੀ ਫ਼ਿਲਮ 'ਚ ਬਣਾਈ ਰੱਖਣਗੇ। ਇਹ ਫ਼ਿਲਮ ਭਰਪੂਰ ਕਾਮੇਡੀ ਡਰਾਮਾ ਹੋਵੇਗੀ, ਜੋ ਦਰਸ਼ਕਾਂ ਨੂੰ ਹਸਾ ਹਸਾ ਲੋਟ-ਪੋਟ ਕਰ ਦੇਣ ਦਾ ਦਮ ਰੱਖਦੀ ਹੈ। ਇਸ ਫ਼ਿਲਮ 'ਚ ਉਨ੍ਹਾਂ ਨਾਲ ਕਰਮਜੀਤ ਅਨਮੋਲ, ਸਰਦਾਰ ਸੋਹੀ, ਬੀ. ਐੱਨ. ਸ਼ਰਮਾ, ਗੁਰਪ੍ਰੀਤ ਘੁੱਗੀ, ਰਾਣਾ ਜੰਗ ਬਹਾਦਰ, ਮਲਕੀਤ ਸਿੰਘ, ਜੱਗੀ ਸਿੰਘ, ਰਘਬੀਰ ਬੋਲੀ, ਗੁਰਪ੍ਰੀਤ ਕੌਰ ਭੰਗੂ, ਅਨੀਤਾ ਦੇਵਗਨ ਤੇ ਨਿਸ਼ਾ ਬਾਨੋ ਨੇ ਅਹਿਮ ਭੂਮਿਕਾ ਨਿਭਾਈ ਹੈ।

ਇਹ ਫ਼ਿਲਮ ਪੰਜਾਬ ਤੇ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਸੱਭਿਆਚਾਰ ਨੂੰ ਪਰਦੇ 'ਤੇ ਪੇਸ਼ ਕਰਦੀ ਮਨੋਰੰਜਨ ਨਾਲ ਭਰਪੂਰ ਕਾਮੇਡੀ ਫ਼ਿਲਮ ਹੈ। ਗਿੱਪੀ ਮੁਤਾਬਕ ਕੈਨੇਡਾ ਵਰਗੇ ਮੁਲਕ 'ਚ ਇਸ ਫ਼ਿਲਮ ਦੀ ਸ਼ੂਟਿੰਗ ਕਰਨਾ ਬੇਹੱਦ ਮੁਸ਼ਕਿਲ ਸੀ ਪਰ ਫ਼ਿਲਮ ਦੀ ਟੀਮ ਨੇ ਇਸ 'ਚ ਸਫ਼ਲਤਾ ਹਾਸਲ ਕੀਤੀ ਹੈ। ਫ਼ਿਲਮ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚੱਲ ਰਹੀ ਚਰਚਾ ਨੇ ਸਮੁੱਚੀ ਟੀਮ ਦੇ ਹੌਸਲੇ ਬੁਲੰਦ ਕਰ ਦਿੱਤੇ ਹਨ।


Tags: Gippy GrewalManje Bistre 2Punjabi Movie 2019Pollywood Newsਗਿੱਪੀ ਗਰੇਵਾਲਮੰਜੇ ਬਿਸਤਰੇ 2

Edited By

Rahul Singh

Rahul Singh is News Editor at Jagbani.