ਜਲੰਧਰ (ਬਿਊਰੋ) — 1 ਨਵੰਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਵਾਲੀ ਪੰਜਾਬੀ ਫਿਲਮ 'ਡਾਕਾ' ਨੂੰ ਲੈ ਕੇ ਗਿੱਪੀ ਗਰੇਵਾਲ ਕਾਫੀ ਉਤਸ਼ਾਹਿਤ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਉਹ ਰਾਣਾ ਰਣਬੀਰ ਨਾਲ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨਾਲ ਹਾਸਾ ਮਜ਼ਾਕ ਕਰ ਰਹੇ ਹਨ। ਹਾਲਾਂਕਿ ਇਸ ਦੌਰਾਨ ਉਹ ਇਹ ਵੀ ਆਖ ਰਹੇ ਹਨ ਕਿ ਇਹ ਫਿਲਮ ਉਹ ਰੂਸ 'ਚ ਵੀ ਰਿਲੀਜ਼ ਕਰਨਗੇ, ਜਿਸ ਤੋਂ ਬਾਅਦ ਉਹ ਰਾਣਾ ਰਣਬੀਰ ਨੂੰ ਰੂਸੀ ਭਾਸ਼ਾ 'ਚ ਇਸ ਫਿਲਮ ਬਾਰੇ ਗੱਲ ਕਰਨ ਲਈ ਕਹਿੰਦੇ ਹਨ। ਇਸ ਤੋਂ ਬਾਅਦ ਰਾਣਾ ਰਣਬੀਰ ਰੂਸੀ ਭਾਸ਼ਾ 'ਚ ਇਸ ਫਿਲਮ ਬਾਰੇ ਗੱਲਬਾਤ ਕਰਦੇ ਹਨ।
ਦੱਸ ਦਈਏ ਕਿ 'ਜੱਟ ਜੇਮਸ ਬੌਂਡ' ਦੀ ਸੁਪਰਹਿੱਟ ਜੋੜੀ ਗਿੱਪੀ ਗਰੇਵਾਲ ਅਤੇ ਜ਼ਰੀਨ ਖਾਨ ਇਕ ਵਾਰ ਫਿਰ ਫਿਲਮ 'ਡਾਕਾ' ਰਾਹੀਂ ਸਕ੍ਰੀਨ ਸਾਂਝੀ ਕਰਨ ਜਾ ਰਹੇ ਹਨ। ਜਿੱਥੇ ਫਿਲਮ ਨੂੰ ਲੈ ਕੇ ਗਿੱਪੀ ਗਰੇਵਾਲ ਉਤਸ਼ਾਹਿਤ ਹਨ, ਉੱਥੇ ਹੀ ਦਰਸ਼ਕ ਵੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਗਿੱਪੀ ਗਰੇਵਾਲ ਅਤੇ ਜ਼ਰੀਨ ਖਾਨ ਤੋਂ ਇਲਾਵਾ ਫਿਲਮ 'ਚ ਰਾਣਾ ਰਣਬੀਰ, ਬਨਿੰਦਰ ਬੰਨੀ, ਸ਼ਹਿਨਾਜ਼ ਕੌਰ ਗਿੱਲ ਅਤੇ ਕਈ ਹੋਰ ਵੀ ਨਾਮੀ ਕਲਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ।