ਜਲੰਧਰ (ਬਿਊਰੋ) — ਪਾਲੀਵੁੱਡ ਫਿਲਮ ਇੰਡਸਟਰੀ 'ਚ ਗੱਗੂ ਗਿੱਲ ਦਾ ਕਾਫੀ ਬੋਲ-ਬਾਲਾ ਹੈ। ਉਨ੍ਹਾਂ ਦੀ ਅਦਾਕਾਰੀ ਦਾ ਹਰ ਕੋਈ ਕਾਇਲ ਹੈ। ਖਾਸ ਕਰਕੇ ਉਨ੍ਹਾਂ ਦੇ ਡਾਇਲਾਗ ਬੋਲਣ ਦੇ ਅੰਦਾਜ਼ ਲੋਕਾਂ ਦੇ ਦਿਲਾਂ 'ਚ ਘਰ ਕਰਦਾ ਹੈ। ਦੱਸ ਦਈਏ ਕਿ ਗੱਗੂ ਗਿੱਲ ਦਾ ਜਨਮ 13 ਫਰਵਰੀ ਨੂੰ ਮੁਕਤਸਰ ਸਾਹਿਬ ਦੇ ਪਿੰਡ ਮਾਹਣੀ ਖੇੜਾ 'ਚ ਹੋਇਆ ਸੀ। ਗੱਗੂ ਗਿੱਲ ਦਾ ਅਸਲੀ ਨਾਂ ਕੁਲਵਿੰਦਰ ਸਿੰਘ ਗਿੱਲ ਹੈ। ਗੱਗੂ ਗਿੱਲ ਦੇ ਦੋ ਬੇਟੇ ਹਨ।
ਗੱਗੂ ਗਿੱਲ ਦੇ ਪਰਿਵਾਰ ਦਾ ਫਿਲਮਾਂ ਨਾਲ ਕੋਈ ਵਾਸਤਾ ਨਹੀਂ ਸੀ ਪਰ ਗੱਗੂ ਗਿੱਲ ਦੇ ਭਰਾ ਦਵਿੰਦਰ ਗਿੱਲ ਦਾ ਦੋਸਤ ਬਲਦੇਵ ਗੋਸ਼ਾ ਫਿਲਮਾਂ 'ਚ ਕੰਮ ਕਰਦਾ ਸੀ। ਇਸ ਦੌਰਾਨ ਬਲਦੇਵ ਸਿੰਘ ਗੋਸ਼ਾ ਨੇ ਪਿੰਡ ਮਾਹਣੀ ਖੇੜਾ 'ਚ ਫਿਲਮ 'ਪੁੱਤ ਜੱਟਾਂ ਦੇ' ਦੀ ਸ਼ੂਟਿੰਗ ਕੀਤੀ ਸੀ।
ਇਸੇ ਦੌਰਾਨ ਗੱਗੂ ਗਿੱਲ ਨੇ ਬਲਦੇਵ ਨੂੰ ਸਿਫਾਰਸ਼ ਕੀਤੀ ਸੀ ਕਿ ਉਹ ਆਪਣੇ ਕੁੱਤੇ, ਉਨ੍ਹਾਂ ਦੀ ਫਿਲਮ 'ਚ ਦਿਖਾਉਣਾ ਚਾਹੁੰਦੇ ਹਨ ਤਾਂ ਫਿਲਮ ਦੇ ਡਾਇਰੈਕਟਰ ਨੇ ਗੱਗੂ ਗਿੱਲ ਨੂੰ ਇਕ ਡਾਇਲਾਗ ਵੀ ਦਿੱਤਾ। ਇਹ ਡਾਇਲਾਗ ਪੰਜਾਬ ਦੇ ਲੋਕਾਂ ਨੂੰ ਬੇਹੱਦ ਜ਼ਿਆਦਾ ਪਸੰਦ ਆਇਆ।
ਉਨ੍ਹਾਂ ਦਾ ਇਹ ਡਾਇਲਾਗ ਹਰ ਇਕ ਦੀ ਜ਼ੁਬਾਨ 'ਤੇ ਚੜ੍ਹ ਗਿਆ। ਇਸ ਤੋਂ ਬਾਅਦ ਗੱਗੂ ਗਿੱਲ ਨੂੰ ਉਨ੍ਹਾਂ ਦੀ ਪਹਿਲੀ ਫਿਲਮ 'ਗੱਭਰੂ ਪੰਜਾਬ ਦੇ' ਮਿਲੀ, ਜਿਸ 'ਚ ਉੁਨ੍ਹਾਂ ਨੇ ਵਿਲੇਨ ਦੀ ਭੂਮਿਕਾ ਨਿਭਾਈ ਸੀ। ਇਸ ਫਿਲਮ 'ਚ ਗੁਰਦਾਸ ਮਾਨ ਮੁੱਖ ਭੂਮਿਕਾ 'ਚ ਸਨ। ਇਸ ਫਿਲਮ ਲਈ ਉਨ੍ਹਾਂ ਨੂੰ ਬੈਸਟ ਵਿਲੇਨ ਦਾ ਐਵਾਰਡ ਵੀ ਮਿਲਿਆ ਸੀ।
ਇਸ ਤੋਂ ਬਾਅਦ ਉਨ੍ਹਾਂ ਦਾ ਫਿਲਮੀ ਸਫਰ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਤੋਂ ਬਾਅਦ ਇਕ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ, ਜਿਨ੍ਹਾਂ 'ਕੁਰਬਾਨੀ ਜੱਟ ਦੀ', 'ਅਣਖ ਜੱਟਾਂ ਦੀ', 'ਬਦਲਾ ਜੱਟੀ ਦਾ', 'ਜੱਟ ਜਿਊਣਾ ਮੋੜ', 'ਜ਼ੈਲਦਾਰ', 'ਜੱਟ ਤੇ ਜ਼ਮੀਨ', 'ਬਾਗੀ ਸੂਰਮੇ', 'ਮਿਰਜ਼ਾ ਜੱਟ', 'ਵੈਰੀ', 'ਮੁਕੱਦਰ', 'ਟਰੱਕ ਡਰਾਇਵਰ', 'ਲਲਕਾਰਾ ਜੱਟੀ ਦਾ', 'ਜੰਗ ਦਾ ਮੈਦਾਨ', 'ਪ੍ਰਤਿੱਗਿਆ', 'ਜੱਟ ਬੁਆਏਜ਼', 'ਪੁੱਤ ਜੱਟਾਂ' ਦੇ ਸਮੇਤ ਹੋਰ ਨਾਂ ਸ਼ਾਮਲ ਹਨ।
ਦੱਸਣਯੋਗ ਹੈ ਕਿ ਗੱਗੂ ਗਿੱਲ ਨੇ ਪੰਜਾਬ ਦੀਆਂ ਨਾਮਵਰ ਹਸਤੀਆਂ ਨਾਲ ਕੰਮ ਕਰ ਚੁੱਕੇ ਹਨ। ਉਨ੍ਹਾਂ ਨੂੰ ਚੰਗੀ ਅਦਾਕਾਰੀ ਲਈ ਕਈ ਐਵਾਰਡਜ਼ ਵੀ ਮਿਲ ਚੁੱਕੇ ਹਨ। ਸਾਲ 1992 'ਚ ਉਨ੍ਹਾਂ ਨੂੰ ਬੈਸਟ ਹੀਰੋ ਐਵਾਰਡ ਨਾਲ ਸਨਮਾਨਿਤ ਕੀਤੀ ਗਿਆ ਸੀ।
ਇਸ ਤੋਂ ਇਲਾਵਾ ਉਨ੍ਹਾਂ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਵੀ ਨਵਾਜਿਆ ਜਾ ਚੁੱਕਾ ਹੈ। ਗੱਗੂ ਗਿੱਲ ਨੂੰ ਕੁੱਤੇ ਤੇ ਘੋੜੀਆਂ ਰੱਖਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ।