ਜਲੰਧਰ(ਬਿਊਰੋ)— ਮਸ਼ਹੂਰ ਐਕਟਰ ਗੱਗੂ ਗਿੱਲ ਪੰਜਾਬ ਦੀ ਦਮਦਾਰ ਆਵਾਜ਼, ਪੰਜਾਬੀਆਂ ਦੇ ਚਹੇਤੇ, ਪ੍ਰਭਾਵਸ਼ਾਲੀ ਸਖਸ਼ੀਅਤਾਂ 'ਚੋਂ ਇਕ ਹੈ। ਗੱਗੂ ਗਿੱਲ ਨੇ ਲਗਭਗ ਢਾਈ ਦਹਾਕੇ ਤੋਂ ਵੀ ਵੱਧ ਪੰਜਾਬੀ ਸਿਨੇਮੇ 'ਤੇ ਰਾਜ ਕੀਤਾ ਹੈ ਅਤੇ ਅੱਜ ਵੀ ਜਦੋਂ ਵੀ ਕਿਸੇ ਪੰਜਾਬੀ ਫਿਲਮ ਦੀ ਗੱਲ ਚੱਲਦੀ ਹੈ ਤਾਂ ਗੱਗੂ ਗਿੱਲ ਤੋਂ ਬਿਨਾਂ ਇਸ ਨੂੰ ਨੇਪਰੇ ਚੜ੍ਹੀ ਨਹੀਂ ਆਖਿਆ ਜਾ ਸਕਦਾ।
ਅੱਜ ਗੱਗੂ ਗਿੱਲ ਦਾ ਜਨਮਦਿਨ ਹੈ। ਉਨ੍ਹਾਂ ਦਾ ਜਨਮ 14 ਜਨਵਰੀ 1960 ਨੂੰ ਪੰਜਾਬ 'ਚ ਹੋਇਆ। ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 'ਪੁੱਤ ਜੱਟਾਂ ਦੇ' ਨਾਲ ਕੀਤੀ ਸੀ।
ਇਸ ਤੋਂ ਇਲਾਵਾ ਉਨ੍ਹਾਂ ਨੇ ਹੁਣ ਤੱਕ 65-70 ਫਿਲਮਾਂ 'ਚ ਕੰਮ ਕੀਤਾ ਹੈ। 'ਬਦਲਾ ਜੱਟੀ ਦਾ', 'ਅਣਖ ਜੱਟਾਂ ਦੀ' ਆਦਿ ਕਈ ਹੋਰ ਫਿਲਮਾਂ ਗੱਗੂ ਗਿੱਲ ਦੀਆਂ ਮਨਪਸੰਦ ਹਨ।
ਉਨ੍ਹਾਂ ਨੇ ਪੰਜਾਬੀ ਫਿਲਮਾਂ 'ਚ ਪ੍ਰਵੇਸ਼ ਸਿਰਫ ਆਪਣਾ ਸ਼ੌਂਕ ਪੂਰਾ ਕਰਨ ਲਈ ਕੀਤਾ ਸੀ, ਜੋ ਬਾਅਦ 'ਚ ਉਨ੍ਹਾਂ ਦਾ ਕਾਰੋਬਾਰ ਬਣ ਗਿਆ।
ਉਨ੍ਹਾਂ ਨੂੰ ਫਿਲਮੀ ਕਰੀਅਰ ਦੌਰਾਨ ਪਾਕਿਸਤਾਨੀ ਕਲਾਕਾਰਾਂ ਨੇ ਕਾਫੀ ਪ੍ਰਭਾਵਿਤ ਕੀਤਾ। ਪਹਿਲਾਂ ਪਾਕਿਸਤਾਨੀ ਫਿਲਮਾਂ ਦਾ ਸਾਡੀ ਇੰਡਸਟਰੀ 'ਚ ਕਾਫੀ ਬੋਲ-ਬਾਲਾ ਸੀ।
ਰਾਜਨੀਤੀ 'ਚ ਆਉਣ ਦੇ ਵੀ ਉਨ੍ਹਾਂ ਨੂੰ ਕਈ ਵਾਰੀ ਆਫਰ ਆਏ ਪਰ ਉਨ੍ਹਾਂ ਨਾ ਕਰ ਦਿੱਤੀ।
ਉਨ੍ਹਾਂ ਨੂੰ ਚੰਗੇ ਹਥਿਆਰ, ਚੰਗੇ ਵਹੀਕਲ ਰੱਖਣ ਦਾ ਸ਼ੌਕ ਹੈ। ਇਸ ਤੋਂ ਇਲਾਵਾ ਘੋੜੇ ਪਾਲਣਾ, ਕੁੱਤੇ ਰੱਖਣਾ, ਅਸੀਲ ਮੁਰਗੇ ਰੱਖਣਾ ਇਹ ਵੀ ਉਨ੍ਹਾਂ ਸ਼ੌਂਕ ਹਨ।