ਮੁੰਬਈ(ਬਿਊਰੋ)— 12 ਅਗਸਤ, 1997 ਨੂੰ ਹਿੰਦੀ ਮਿਊਜ਼ਿਕ ਇੰਡਸਟਰੀ ਲਈ ਕਾਲਾ ਦਿਨ ਸੀ। ਸਵੇਰ ਦੇ ਕਰੀਬ ਸਾਢੇ ਅੱਠ ਵਜੇ ਗੁਲਸ਼ਨ ਕੁਮਾਰ ਪੂਜਾ ਕਰਨ ਮੰਦਰ ਗਏ ਹੋਏ ਸਨ, ਜਿੱਥੋਂ ਹੈਰਾਨ ਕਰ ਦੇਣ ਵਾਲੀ ਖਬਰ ਆਈ। ਅਜਿਹੀ ਖਬਰ ਜਿਸ ਦੇ ਨਾਲ ਦੇਸ਼ਾਂ-ਵਿਦੇਸ਼ਾਂ ਦੇ ਲੋਕ ਹਿੱਲ ਗਏ। ਬਾਲੀਵੁੱਡ ਫਿਲਮ ਪ੍ਰੋਡਿਊਸਰ ਗੁਲਸ਼ਨ ਕੁਮਾਰ ਦੀ ਹੱਤਿਆ ਮੁੰਬਈ 'ਚ ਗੋਲੀਆਂ ਮਾਰ ਕੇ ਕਰ ਦਿੱਤੀ ਗਈ। ਅੱਜ ਗੁਲਸ਼ਨ ਕੁਮਾਰ ਦੀ ਬਰਸੀ ਹੈ। ਮੌਤ ਤੋਂ ਪਹਿਲਾਂ ਗੁਲਸ਼ਨ ਕੁਮਾਰ ਨੇ ਸਵੇਰੇ ਸੱਤ ਵਜੇ ਪ੍ਰੋਡਿਊਸਰ ਝਾਮੂ ਸੁਗੰਧ ਨੂੰ ਫੋਨ ਕਰਕੇ ਕਿਹਾ ਸੀ ਕਿ ਇਕ ਸਿੰਗਰ ਅਤੇ ਫਿਰ ਇਕ ਦੋਸਤ ਨੂੰ ਮਿਲਣ ਤੋਂ ਬਾਅਦ ਉਹ ਮੰਦਰ ਜਾਣਗੇ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਮਿਲਣ ਆਉਣਗੇ ਪਰ ਇਸ ਕਾਲ ਦੇ ਤਿੰਨ ਘੰਟੇ ਬਾਅਦ ਯਾਨੀ ਤਕਰੀਬਨ 10.30 ਦੇ ਕਰੀਬ ਅੰਧੇਰੀ ਦੇ ਜੀਤੇਸ਼ਵਰ ਮਹਾਦੇਵ ਮੰਦਰ ਸਾਹਮਣੇ ਗੁਲਸ਼ਨ ਕੁਮਾਰ ਨੂੰ ਇਕ ਤੋਂ ਬਾਅਦ ਇਕ 16 ਗੋਲੀਆਂ ਮਾਰ ਦਿੱਤੀਆਂ ਗਈਆਂ। ਉਨ੍ਹਾਂ ਦੀ ਜਾਨ ਤੁਰੰਤ ਚੱਲੀ ਗਈ। ਰਿਪੋਰਟ ਮੁਤਾਬਕ ਉਸ ਦਿਨ 42 ਸਾਲ ਦੇ ਗੁਲਸ਼ਨ ਕੁਮਾਰ ਹੱਥ 'ਚ ਪੂਜਾ ਦੀ ਸਮੱਗਰੀ ਲਏ, ਮਾਲਾ ਜਪਦੇ ਹੋਏ ਮੰਦਰ ਵੱਲ ਜਾ ਰਹੇ ਸਨ। ਮੰਦਰ ਗੁਲਸ਼ਨ ਕੁਮਾਰ ਦੇ ਘਰ ਤੋਂ ਕਰੀਬ ਇਕ ਕਿਲੋਮੀਟਰ ਤੋਂ ਵੀ ਘੱਟ ਦੀ ਦੂਰੀ 'ਤੇ ਸੀ। ਹਾਲਾਂਕਿ ਉਸ ਦਿਨ ਉਹ ਆਪਣੇ ਉੱਤਰ ਪ੍ਰਦੇਸ਼ ਪੁਲਸ ਦੇ ਗਨਮੈਨ ਦੇ ਬਿਨਾਂ ਮੰਦਰ ਗਏ ਸਨ, ਕਿਉਂਕਿ ਉਹ ਕੁਝ ਦਿਨ ਪਹਿਲਾਂ ਬੀਮਾਰ ਹੋ ਗਿਆ ਸੀ। ਗੁਲਸ਼ਨ ਕੁਮਾਰ ਦੀ ਹੱਤਿਆ ਜਿਸ ਮੰਦਰ ਦੇ ਸਾਹਮਣੇ ਕੀਤੀ ਗਈ। ਉਸ ਮੰਦਰ 'ਚ ਸਭ ਤੋਂ ਵਧੀਆ ਸੰਗਮਰਮਰ ਲਗਵਾਉਣ ਅਤੇ ਮੰਦਰ ਦਾ ਪੁਨਰਨਿਰਮਾਣ ਕਰਵਾਉਣ ਦਾ ਕੰਮ ਉਨ੍ਹਾਂ ਵੱਲੋਂ ਹੀ ਕੀਤਾ ਗਿਆ ਸੀ। ਗੁਲਸ਼ਨ ਕੁਮਾਰ ਹਰ ਰੋਜ ਦੀ ਤਰ੍ਹਾਂ ਉਸ ਦਿਨ ਵੀ ਮੰਦਰ ਗਏ। ਜਿਵੇਂ ਹੀ ਗੁਲਸ਼ਨ ਕੁਮਾਰ ਪੂਜਾ ਕਰਕੇ ਮੰਦਰ ਦੀਆਂ ਪੌੜੀਆਂ ਤੋਂ ਹੇਠਾਂ ਉਤਰੇ ਉਨ੍ਹਾਂ ਨੂੰ ਬੰਦੂਕ ਦੀ ਰਿਮ ਮਹਿਸੂਸ ਹੋਈ। ਉਨ੍ਹਾਂ ਨੇ ਸਾਹਮਣੇ ਖੜ੍ਹੇ ਸ਼ਖਸ ਕੋਲੋਂ ਪੁੱਛਿਆ,''ਇਹ ਕੀ ਕਰ ਰਹੇ ਹੋ। ਉਸ ਨੇ ਉੱਤਰ ਦਿੱਤਾ- ਬਹੁਤ ਪੂਜਾ ਕਰ ਲਈ। ਹੁਣ ਉੱਤੇ ਜਾ ਕੇ ਕਰਨਾ।'' ਜਿਵੇਂ ਹੀ ਗੁਲਸ਼ਨ ਕੁਮਾਰ ਕੁਝ ਕਹਿ ਪਾਉਂਦੇ। ਬੰਦੂਕ ਤੋਂ ਉਨ੍ਹਾਂ 'ਤੇ 16 ਰਾਊਂਡ ਫਾਈਰਿੰਗ ਕਰ ਦਿੱਤੀ ਗਈ। ਉਨ੍ਹਾਂ ਦੀ ਗਰਦਨ ਅਤੇ ਪਿੱਠ 'ਚ 16 ਗੋਲੀਆਂ ਲੱਗੀਆਂ। ਜਾਣਕਾਰੀ ਮੁਤਾਬਕ ਅਬੂ ਸਲੇਮ ਨੇ ਗੁਲਸ਼ਨ ਕੁਮਾਰ ਨੂੰ ਮਾਰਨ ਦੀ ਜ਼ਿੰਮੇਦਾਰੀ ਦਾਊਦ ਮਰਚੇਂਟ ਅਤੇ ਵਿਨੋਦ ਜਗਤਾਪ ਨਾਮ ਦੇ ਸ਼ਾਰਪ ਸ਼ੂਟਰਾਂ ਨੂੰ ਦਿੱਤੀ ਸੀ। 9 ਜਨਵਰੀ 2001 ਨੂੰ ਵਿਨੋਦ ਜਗਤਾਪ ਨੇ ਕਬੂਲ ਕੀਤਾ ਕਿ ਉਸ ਨੇ ਹੀ ਗੁਲਸ਼ਨ ਕੁਮਾਰ ਨੂੰ ਗੋਲੀ ਮਾਰੀ। ਸਾਲ 2002 ਨੂੰ ਵਿਨੋਦ ਜਗਤਾਪ ਨੂੰ ਉਮਰਕੈਦ ਸਜ਼ਾ ਦੀ ਸਜ਼ਾ ਸੁਣਾਈ ਗਈ। ਵਿਨੋਦ ਜਗਤਾਪ ਹੁਣ ਵੀ ਜੇਲ 'ਚ ਹੀ ਹੈ ਪਰ ਦਾਊਦ ਮਰਚੇਂਟ 2009 'ਚ ਪਰੋਲ 'ਤੇ ਰਿਹਾਈ ਦੌਰਾਨ ਫਰਾਰ ਹੋ ਗਿਆ ਅਤੇ ਬਾਂਗਲਾਦੇਸ਼ ਭੱਜ ਗਿਆ ਸੀ। ਪੁਲਸ ਨੇ ਇਸ ਮਾਮਲੇ 'ਚ ਸੰਗੀਤਕਾਰ ਨਦੀਮ ਨੂੰ ਦੋਸ਼ੀ ਮੰਨਿਆ ਸੀ। ਮੁੰਬਈ ਪੁਲਸ ਨੇ ਆਪਣੀ ਜਾਂਚ ਤੋਂ ਬਾਅਦ ਕਿਹਾ ਸੀ ਕਿ ਹੱਤਿਆ ਲਈ ਫਿਲਮੀ ਹਸਤੀਆਂ ਅਤੇ ਮਾਫੀਆ ਦੇ ਲੋਕ ਜ਼ਿੰਮੇਦਾਰ ਸਨ। ਗੁਲਸ਼ਨ ਕੁਮਾਰ ਦੀ ਹੱਤਿਆ ਹੋਣ ਸਮੇਂ ਨਦੀਮ ਲੰਡਨ 'ਚ ਸੀ। ਬਾਅਦ 'ਚ ਕੇਸ 'ਚ ਨਾਮ ਆਉਣ ਤੋਂ ਬਾਅਦ ਉਹ ਲੰਡਨ 'ਚ ਰਹਿਣ ਲੱਗਾ। ਇਧਰ ਪੁਲਸ ਇਸ ਹੱਤਿਆ 'ਚ ਨਦੀਮ ਦੇ ਸ਼ਾਮਲ ਹੋਣ ਦੇ ਦੋਸ਼ ਨੂੰ ਸਾਬਤ ਨਾ ਕਰ ਸਕੀ। ਪੁਲਸ ਦੇ ਹਿਸਾਬ ਨਾਲ ਗੁਲਸ਼ਨ ਕੁਮਾਰ ਦੀ ਕੈਸੇਟ ਕੰਪਨੀ ਟੀ- ਸੀਰੀਜ ਦੀ ਸਫਲਤਾ ਨੂੰ ਦੇਖ ਕੇ ਦਾਊਦ ਇਬਰਾਹੀਮ ਨੇ ਇਕ ਵੱਡੀ ਰਕਮ ਦੀ ਮੰਗ ਕੀਤੀ ਸੀ। ਗੁਲਸ਼ਨ ਕੁਮਾਰ ਨੇ ਨਾ ਕਰਦੇ ਹੋਏ ਕਿਹਾ ਕਿ ਇਨ੍ਹੇ ਰੁਪਏ ਦੇ ਕੇ ਉਹ ਵੈਸ਼ਣੋ ਦੇਵੀ 'ਚ ਭੰਡਾਰਾ ਕਰਵਾਉਣਗੇ। ਮਿਊਜ਼ਿਕ ਇੰਡਸਟਰੀ 'ਚ ਇਕ ਵੱਡਾ ਨਾਮ ਬਣਨ ਤੋਂ ਪਹਿਲਾਂ ਉਹ ਫਲਾਂ ਦਾ ਜੂਸ ਵੇਚਿਆ ਕਰਦੇ ਸਨ। ਉਨ੍ਹਾਂ ਨੇ ਭਗਤੀ ਦੇ ਗੀਤਾਂ ਦਾ ਸੰਭਾਵਿਕ ਬਾਜ਼ਾਰ ਸਮਝਿਆ ਅਤੇ ਇਸ ਨੂੰ ਰਿਕਾਰਡ ਕਰਨਾ ਅਤੇ ਵੇਚਣਾ ਸ਼ੁਰੂ ਕਰ ਕੀਤਾ। ਗੁਲਸ਼ਨ ਕੁਮਾਰ ਨੂੰ ਇਹ ਗੱਲ ਸਮਝ ਆ ਗਈ ਸੀ ਕਿ ਦੇਸ਼ ਦੇ ਬਜ਼ੁਰਗ ਲੋਕ ਅੱਖਾਂ ਦੀ ਰੌਸ਼ਨੀ ਕਮਜ਼ੋਰ ਹੋਣ ਦੀ ਵਜ੍ਹਾ ਨਾਲ ਧਾਰਮਿਕ ਕਿਤਾਬਾਂ ਪੜ੍ਹ ਕੇ ਗਾ ਨਹੀਂ ਸਕਦੇ। ਫਿਰ ਕਿਸਮਤ ਅਜਿਹੀ ਚਮਕੀ ਕਿ ਗੁਲਸ਼ਨ ਕੁਮਾਰ ਭਾਰਤ ਦੇ ਸਭ ਤੋਂ ਜ਼ਿਆਦਾ ਟੈਕਸ ਦੇਣ ਵਾਲੇ ਸ਼ਖਸ ਬਣ ਗਏ ਸਨ।