FacebookTwitterg+Mail

ਗੁਰਦਾਸ ਮਾਨ ਨੇ ਨਾਗਰਿਕਾਂ ਨੂੰ ਵੋਟ ਦੇ ਅਧਿਕਾਰ ਦੀ ਸੁਚੱਜੀ ਵਰਤੋਂ ਦੀ ਚੁਕਾਈ ਸਹੁੰ

gurdas maan
18 March, 2019 11:39:42 AM

ਨੰਗਲ (ਗੁਰਭਾਗ) - ਭਾਖੜਾ ਡੈਮ ਦੀ 70ਵੀਂ ਵਰ੍ਹੇਗੰਢ ਮੌਕੇ ਆਯੋਜਿਤ ਵੀਲਜ਼ ਐਂਡ ਸਟਰਾਈਡਜ਼ ਮੌਕੇ ਸਾਈਕਲੋਥੋਨ ਅਤੇ ਮੈਰਾਥਨ ਵਿਚ ਅੱਜ ਹਜ਼ਾਰਾਂ ਲੋਕਾਂ, ਵਿਦਿਆਰਥੀਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੇ ਹਿੱਸਾ ਲਿਆ। ਇਸ ਉਪਰੰਤ ਐੱਨ. ਐੱਫ. ਐੱਲ. ਸਟੇਡੀਅਮ ਵਿਚ ਆਯੋਜਿਤ ਇਕ ਪ੍ਰਭਾਵਸ਼ਾਲੀ ਸੱਭਿਆਚਾਰਕ ਸਮਾਰੋਹ ਵਿਚ ਉੱਘੇ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਨਾਗਰਿਕ ਨੂੰ ਵੋਟ ਦੇ ਅਧਿਕਾਰ ਦੀ ਸੁਚੱਜੀ ਵਰਤੋਂ ਦੀ ਸਹੁੰ ਚੁਕਾਈ। ਜ਼ਿਲੇ ਦੇ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਨੇ 70 ਕਿਲੋਮੀਟਰ ਸਾਈਕਲ ਰੇਸ ਵਿਚ ਭਾਗ ਲੈ ਕੇ ਵਿਦਿਆਰਥੀਆਂ ਨੂੰ ਤੰਦਰੁਸਤ ਰਹਿਣ ਅਤੇ ਅਜਿਹੀਆਂ ਪ੍ਰਤੀਯੋਗਤਾਵਾਂ ਵਿਚ ਭਾਗ ਲੈਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਮਾਰੋਹ ਦਾ ਮੁੱਖ ਮੰਤਵ ਲੋਕਾਂ ਨੂੰ ਸਿਹਤਮੰਦ ਰਹਿਣ ਦੀ ਪ੍ਰੇਰਨਾ ਦੇਣਾ ਹੈ।

ਸੱਭਿਆਚਾਰਕ ਪ੍ਰੋਗਰਾਮ ਦੌਰਾਨ ਜਿਥੇ ਗੁਰਦਾਸ ਮਾਨ ਨੇ ਵੋਟਰਾਂ ਨੂੰ 'ਮੇਰੀ ਵੋਟ ਮੇਰੀ ਸ਼ਕਤੀ' ਬਾਰੇ ਜਾਗਰੂਕ ਕੀਤਾ, ਉੱਥੇ ਆਪਣੇ ਸ਼ਾਨਦਾਰ ਗੀਤਾਂ ਰਾਹੀਂ ਸਰੀਰਕ ਤੰਦਰੁਸਤੀ ਕਾਇਮ ਰੱਖਣ ਅਤੇ ਸਮਾਜ ਵਿਚ ਫੈਲੀਆਂ ਕੁਰੀਤੀਆਂ ਅਤੇ ਬੁਰਾਈਆਂ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਦਿੱਤਾ। ਜ਼ਿਲਾ ਓਲੰਪਿਕ ਐਸੋਸੀਏਸ਼ਨ ਵਲੋਂ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਰੋਹ ਵਿਚ ਭਾਗ ਲੈਣ ਵਾਲੇ ਸਾਰੇ ਸਾਈਕਲਿਸਟਾਂ ਅਤੇ ਦੌੜਾਕਾਂ ਨੂੰ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ।


Tags: Gurdas MaanCitizensVoteWheels and StridesCyclothone and MarathonPunjabi Singer

Edited By

Sunita

Sunita is News Editor at Jagbani.