ਜਲੰਧਰ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਗਾਇਕ ਗੁਰਦਾਸ ਮਾਨ ਵਲੋਂ ਪੰਜਾਬੀ ਮਾਂ-ਬੋਲੀ ਪ੍ਰਤੀ ਆਪਨਾਈ ਗਈ ਬੇਰੁਖੀ ਅਤੇ ਸਟੇਜ ਸ਼ੋਅ ਦੌਰਾਨ ਫੈਨਜ਼ ਨੂੰ ਬੋਲੇ ਅਪਸ਼ਬਦ ਕਾਰਨ ਕੈਨੇਡਾ ਦੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪ੍ਰੇਮੀਆਂ 'ਚ ਉਨ੍ਹਾਂ ਪ੍ਰਤੀ ਭਾਰੀ ਰੋਸ ਦੇਖਿਆ ਜਾ ਰਿਹਾ ਹੈ। ਬੀਤੇ ਦਿਨੀਂ ਸਰੀ ਦੇ ਗ੍ਰੈਂਡ ਤਾਜ ਹਾਲ 'ਚ ਪੰਜਾਬੀ ਪ੍ਰੇਮੀਆਂ ਦਾ ਇਕੱਠ ਹੋਇਆ ਸੀ, ਜਿਸ 'ਚ ਪੰਜਾਬੀਆਂ ਨੇ ਮੰਗ ਕੀਤੀ ਕਿ ਸਾਲ 2012 'ਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਗੁਰਦਾਸ ਮਾਨ ਨੂੰ ਜਿਹੜੀ ਪੰਜਾਬੀ ਗਾਇਕੀ ਲਈ ਆਨਰੇਰੀ ਡਾਕਟਰੇਟ ਦੀ ਡਿਗਰੀ ਦਿੱਤੀ ਗਈ ਸੀ ਉਹ ਵਾਪਸ ਲਈ ਜਾਵੇ।
ਦੱਸ ਦਈਏ ਕਿ ਕੈਨੇਡਾ ਫੇਰੀ 'ਤੇ ਆਏ ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਡਾਇਰੈਕਟਰ ਚੇਤਨ ਸਿੰਘ ਨੇ ਗੁਰਦਾਸ ਮਾਨ, ਹੁਕਮ ਚੰਦ ਰਾਜਪਾਲ ਤੇ ਸਰਦਾਰ ਪੰਛੀ ਵਲੋਂ ਪੰਜਾਬੀ ਪ੍ਰਤੀ ਦਿਖਾਈ ਬੇਰੁਖੀ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ। ਗੁਰਦਾਸ ਮਾਨ ਵਲੋਂ ਬੋਲੇ ਅਪਸ਼ਬਦਾਂ ਦਾ ਸ਼ਿਕਾਰ ਹੋਏ ਚਰਨਜੀਤ ਸਿੰਘ ਸੁੱਜੋਂ ਨੇ ਇਸ ਮੌਕੇ ਕਿਹਾ ਕਿ ਸ਼ੋਅ ਮੌਕੇ ਵੱਡੀ ਗਿਣਤੀ 'ਚ ਪਹੁੰਚੀਆਂ ਪੰਜਾਬੀ ਧੀਆਂ-ਭੈਣਾਂ ਦੀ ਹਾਜ਼ਰੀ 'ਚ ਉਸ ਨੂੰ ਮਾੜੀ ਸ਼ਬਦਾਵਲੀ ਬੋਲ ਕੇ ਸਮੁੱਚੀ ਔਰਤ ਜਾਤ ਦਾ ਅਪਮਾਨ ਕੀਤਾ ਹੈ।