ਜਲੰਧਰ— ਪੰਜਾਬੀ ਇੰਡਸਟਰੀ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਪ੍ਰਸਿੱਧ ਗਾਇਕ ਅਤੇ ਅਭਿਨੇਤਾ ਗੁਰਦਾਸ ਮਾਨ ਨੇ ਹਮੇਸ਼ਾ ਹੀ ਆਪਣੀ ਚੰਗੀ ਗਾਇਕੀ ਦੇ ਨਾਲ ਪੰਜਾਬੀਆਂ ਦਾ ਮਾਣ ਵਧਾਇਆ ਹੈ। ਹਾਲ ਹੀ 'ਚ ਗੁਰਦਾਸ ਮਾਨ ਦੀ 2 ਸਾਲਾਂ ਬਾਅਦ ਐਲਬਮ 'ਪੰਜਾਬ' ਰਿਲੀਜ਼ ਹੋਈ ਸੀ, ਜਿਸ ਐਲਬਮ ਦਾ ਪਹਿਲਾ ਅਤੇ ਟਾਇਟਲ ਟ੍ਰੈਕ 'ਪੰਜਾਬ' ਨੂੰ ਦਰਸ਼ਕਾਂ ਵਲੋਂ ਬੇਹੱਦ ਪਿਆਰ ਮਿਲ ਰਿਹਾ ਹੈ। ਦਰਸ਼ਕਾਂ ਨੇ ਗੁਰਦਾਸ ਮਾਨ ਦੇ 'ਪੰਜਾਬ' ਗੀਤ ਦੀ ਹਰ ਸੋਸ਼ਲ ਸਾਈਟਸ 'ਤੇ ਸ਼ਲਾਘਾ ਕੀਤੀ। ਗੁਰਦਾਸ ਮਾਨ ਦਾ ਕਹਿਣਾ ਸੀ ਕਿ ਇਸ ਗੀਤ ਦੀ ਸਮਾਜ ਨੂੰ ਬਹੁਤ ਲੋੜ ਹੈ, ਜਿਸ ਕਰਕੇ ਗੀਤ 'ਚ ਹਰ ਉਸ ਮੁੱਦੇ ਗੱਲ ਕੀਤੀ ਗਈ ਹੈ, ਜਿਸ ਦੀ ਮੇਰੇ ਪੰਜਾਬ ਨੂੰ ਬਹੁਤ ਲੋੜ ਹੈ।
ਐਲਬਮ 'ਪੰਜਾਬ' ਦਾ ਦੂਜਾ ਗੀਤ ਵੀ ਬੀਤੇ ਦਿਨੀਂ ਰਿਲੀਜ਼ ਹੋ ਚੁੱਕਾ ਹੈ, ਜਿਸ ਦਾ ਨਾਮ 'ਮੱਖਣਾ' ਹੈ। ਇਹ ਗੀਤ ਗੁਰਦਾਸ ਮਾਨ ਅਤੇ ਬਾਲੀਵੁੱਡ ਅਭਿਨੇਤਰੀ ਸ਼ਵੇਤਾ ਤਿਵਾਰੀ 'ਤੇ ਫਿਲਮਾਇਆ ਗਿਆ ਹੈ। ਇਸ ਗੀਤ ਨੂੰ ਆਰ. ਸਵਾਮੀ ਨੇ ਡਾਇਰੈਕਟ ਕੀਤਾ ਹੈ। ਗੀਤ ਦਾ ਸੰਗੀਤ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ।ਗੀਤ ਨੂੰ ਆਪ ਗੁਰਦਾਸ ਮਾਨ ਨੇ ਲਿਖਿਆ ਹੈ। ਗੀਤ ਦੇ 'ਚ ਬਹੁਤ ਸਾਦਗੀ ਤੇ ਪਿਆਰ ਦਿਖਾਇਆ ਗਿਆ ਹੈ। ਇਹੀਂ ਕਾਰਨਾਂ ਕਰਕੇ ਹੀ ਗੁਰਦਾਸ ਮਾਨ ਨੂੰ ਗੁਰਦਾਸ ਮਾਨ ਕਿਹਾ ਜਾਂਦਾ ਹੈ। ਸਾਗਾ ਹਿੱਟਸ ਵਲੋਂ ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਕੁੱਝ ਹੀ ਘੰਟਿਆ 'ਚ 4 ਲੱਖ ਤੋਂ ਵੱਧ ਲੋਕਾਂ ਨੇ ਦੇਖ ਲਿਆ ਹੈ।