ਮੋਹਾਲੀ (ਨਿਆਮੀਆਂ) : ਸੋਮਵਾਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਕੈਂਪਸ ਦੇ ਆਰਟ ਆਫ ਲਿਵਿੰਗ ਵੱਲੋਂ ਨਸ਼ੇ ਖਿਲਾਫ ਦੇਸ਼ਵਿਆਪੀ ਮੁਹਿੰਮ 'ਡਰੱਗ ਫ੍ਰੀ ਇੰਡੀਆ' ਦੀ ਸ਼ੁਰੂਆਤ ਕੀਤੀ ਗਈ। ਸਮਾਰੋਹ ਦੌਰਾਨ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ। ਆਰਟ ਆਫ ਲਿਵਿੰਗ ਦੇ ਪ੍ਰਮੁੱਖ ਸ਼੍ਰੀ ਸ਼੍ਰੀ ਰਵੀਸ਼ੰਕਰ, ਬਾਲੀਵੁੱਡ ਐਕਟਰ ਸੰਜੇ ਦੱਤ, ਕਾਮੇਡੀਅਨ ਕਪਿਲ ਸ਼ਰਮਾ, ਰੈਪਰ ਬਾਦਸ਼ਾਹ ਅਤੇ ਪੰਜਾਬ ਦੇ ਨਾਮਵਰ ਗਾਇਕ ਗੁਰਦਾਸ ਮਾਨ ਸਮੇਤ ਕਈ ਹਸਤੀਆਂ ਵੀ ਪ੍ਰੋਗਰਾਮ 'ਚ ਮੌਜੂਦ ਰਹੀਆਂ। ਡਰੱਗ ਫ੍ਰੀ ਇੰਡੀਆ ਮੁਹਿੰਮ ਨੂੰ ਘਰ-ਘਰ ਪਹੁੰਚਾਉਣ ਲਈ ਚੰਡੀਗੜ੍ਹ ਯੂਨੀਵਰਸਿਟੀ ਦੇ 30,000 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਨਸ਼ਾ ਨਾ ਕਰਨ ਦੀ ਸਹੁੰ ਖਾਧੀ। ਸਮਾਰੋਹ 'ਚ ਦੇਸ਼ ਦੇ 12,000 ਤੋਂ ਜ਼ਿਆਦਾ ਸਕੂਲ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਲੱਖਾਂ ਵਿਦਿਆਰਥੀ ਵੀ ਆਨਲਾਈਨ ਇਸ ਸਮਾਰੋਹ ਨਾਲ ਜੁੜੇ।
ਮਜ਼ਬੂਤ ਇੱਛਾਸ਼ਕਤੀ ਨਾਲ ਨਸ਼ੇ ਨੂੰ ਹਰਾਵੇਗਾ ਪੰਜਾਬ : ਬਦਨੌਰ
ਰਾਜਪਾਲ ਬਦਨੌਰ ਨੇ ਕਿਹਾ ਕਿ ਕਿਸੇ ਵੀ ਸਮੱਸਿਆ ਨੂੰ ਹੱਲ ਕਰਨ ਲਈ ਨਜ਼ਰੀਆ ਹੋਣਾ ਜ਼ਰੂਰੀ ਹੁੰਦਾ ਹੈ। ਪੰਜਾਬ ਨੇ ਅੱਤਵਾਦ ਦਾ ਭਿਆਨਕ ਦੌਰ ਵੇਖਿਆ ਹੈ ਅਤੇ ਫਿਰ ਤੋਂ ਸ਼ਾਂਤੀ ਵੀ ਕਾਇਮ ਕੀਤੀ ਹੈ। ਹੁਣ ਨਸ਼ਾ ਪੰਜਾਬ ਲਈ ਵੱਡੀ ਸਮੱਸਿਆ ਬਣ ਚੁੱਕਿਆ ਹੈ ਪਰ ਮਜ਼ਬੂਤ ਇੱਛਾ ਸ਼ਕਤੀ ਨਾਲ ਪੰਜਾਬ ਇਸ 'ਤੇ ਵੀ ਫਤਿਹ ਹਾਸਲ ਕਰੇਗਾ। ਸਮਾਰੋਹ ਦੌਰਾਨ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਕਿਹਾ ਕਿ ਪੰਜਾਬ ਬਹਾਦਰਾਂ-ਯੋਧਿਆਂ ਦੀ ਧਰਤੀ ਹੈ, ਜਿਨ੍ਹਾਂ ਨੇ ਹਮੇਸ਼ਾ ਦੁਨੀਆ 'ਚ ਮਿਸਾਲ ਕਾਇਮ ਕੀਤੀ ਹੈ। ਸੰਸਥਾ ਦੀ ਇਸ ਮੁਹਿੰਮ ਨਾਲ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ।
ਨਸ਼ੇ ਕਾਰਨ ਬਹੁਤ ਕੁੱਝ ਗੁਆਇਆ : ਸੰਜੇ ਦੱਤ
ਲੰਬੇ ਸਮੇਂ ਤੱਕ ਨਸ਼ੇ ਦੀ ਗ੍ਰਿਫਤ 'ਚ ਰਹੇ ਬਾਲੀਵੁੱਡ ਐਕਟਰ ਸੰਜੇ ਦੱਤ ਨੇ ਵੀ ਆਪਣੀ ਕਹਾਣੀ ਸੁਣਾਈ। ਉਨ੍ਹਾਂ ਕਿਹਾ ਕਿ ਨਸ਼ੇ ਦੀ ਭੈੜੀ ਆਦਤ ਕਾਰਨ ਉਨ੍ਹਾਂ ਨੇ ਨਿੱਜੀ ਜ਼ਿੰਦਗੀ 'ਚ ਬਹੁਤ ਕੁੱਝ ਗੁਆਇਆ ਪਰ ਸਮੇਂ 'ਤੇ ਸਮਝ ਆ ਗਿਆ ਅਤੇ ਸੰਭਲ ਗਿਆ। ਜੇਕਰ ਇਨਸਾਨ ਦਿਲੋਂ ਕੁਝ ਠਾਣ ਲਵੇ ਤਾਂ ਕੁਝ ਵੀ ਮੁਸ਼ਕਿਲ ਨਹੀਂ ਹੁੰਦਾ। ਉਹ ਇਸ ਮੁਹਿੰਮ ਨਾਲ ਨੌਜਵਾਨਾਂ ਨੂੰ ਨਸ਼ੇ 'ਚ ਡੁੱਬਣ ਤੋਂ ਬਚਾਉਣਗੇ।
ਖੁਦ ਨੂੰ ਅੰਦਰੋਂ ਮਜ਼ਬੂਤ ਬਣਾਓ : ਕਪਿਲ ਸ਼ਰਮਾ
ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਕਿਹਾ ਕਿ ਨੌਜਵਾਨਾਂ ਨੂੰ ਖੁਦ ਲਈ ਹੀ ਨਹੀਂ ਸਗੋਂ ਆਪਣੇ ਮਾਂ-ਬਾਪ ਦੀ ਖਾਤਰ ਵੀ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ। ਖੁਦ ਨੂੰ ਅੰਦਰ ਤੋਂ ਮਜ਼ਬੂਤ ਕਰੋ ਤਾਂ ਕਿ ਮੁਸ਼ਕਿਲ ਘੜੀ 'ਚ ਨਸ਼ੇ ਦੀ ਜ਼ਰੂਰਤ ਹੀ ਨਾ ਪਵੇ।
ਰੈਪਰ ਬਾਦਸ਼ਾਹ
ਰੈਪਰ ਬਾਦਸ਼ਾਹ ਨੇ ਕਿਹਾ ਕਿ ਸਮੱਸਿਆ ਕੋਈ ਵੀ ਹੋਵੇ, ਸ਼ੁਰੂ 'ਚ ਉਸ ਦੇ ਨਾਲ ਲੜਨਾ ਮੁਸ਼ਕਿਲ ਹੁੰਦਾ ਹੈ, ਹਾਲਾਂਕਿ ਬਾਅਦ 'ਚ ਅਸੀਂ ਲੜਨ ਦੇ ਕਾਬਿਲ ਹੋ ਜਾਂਦੇ ਹਾਂ।
ਸੰਬੋਧਨ ਕਰਦੇ ਮਸ਼ਹੂਰ ਗਾਇਕ ਗੁਰਦਾਸ ਮਾਨ
ਪ੍ਰਸਿੱਧ ਗਾਇਕ ਗੁਰਦਾਸ ਮਾਨ ਨੇ ਆਪਣੀ ਸੁਰੀਲੀ ਆਵਾਜ਼ 'ਚ ਗੀਤਾਂ ਦੇ ਜ਼ਰੀਏ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿ ਕੇ ਦੇਸ਼ ਹਿੱਤ 'ਚ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਘੜੂੰਆਂ ਪਿੰਡ ਦੇ ਇਤਿਹਾਸ 'ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਇਹ ਪਵਿੱਤਰ ਭੂਮੀ ਹੈ, ਜਿਸ ਨੂੰ ਵੱਖ-ਵੱਖ ਧਰਮਾਂ ਦੇ ਮਹਾਪੁਰਸ਼ਾਂ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ।