ਜਲੰਧਰ (ਬਿਊਰੋ)— ਸਾਬਕਾ ਫ਼ੈਮਿਨਾ ਮਿਸ ਇੰਡੀਆ ਅਤੇ ਭਾਰਤੀ ਮਾਡਲ ਤੇ ਪਾਲੀਵੁੱਡ ਅਦਾਕਾਰ ਸਿਮਰਨ ਕੌਰ ਮੁੰਡੀ ਛੇਤੀ ਪੰਜਾਬੀ ਗਾਇਕ ਗੁਰਦਾਸ ਮਾਨ ਦੀ ਨੂੰਹ ਬਣ ਸਕਦੀ ਹੈ।

ਸੂਤਰ ਦੱਸਦੇ ਹਨ ਕਿ ਗੁਰਦਾਸ ਮਾਨ ਦਾ ਇਕਲੌਤਾ ਬੇਟਾ ਗੁਰਿੱਕ ਮਾਨ ਤੇ ਸਿਮਰਨ ਕੌਰ ਮੁੰਡੀ ਛੇਤੀ ਇਕ ਦੂਜੇ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ।
ਗੁਰਿੱਕ ਮਾਨ ਰਹਿ ਰਹੇ ਮੁੰਬਈ 'ਚ
ਦੋਵੇਂ ਜਣੇ ਪਿਛਲੇ ਕੁਝ ਸਾਲਾਂ ਤੋਂ ਇਕ ਦੂਜੇ ਨਾਲ ਰਿਲੇਸ਼ਨ ਵਿੱਚ ਹਨ। ਦੋਵਾਂ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਦਿਖੀਆਂ ਹਨ। ਬੇਸ਼ੱਕ ਇਸ ਰਿਸ਼ਤੇ ਦੀ ਅਧਿਕਾਰਤ ਤੌਰ 'ਤੇ ਕਿਸੇ ਨੇ ਪੁਸ਼ਟੀ ਨਹੀਂ ਕੀਤੀ, ਪਰ ਸੂਤਰਾਂ ਮੁਤਾਬਕ ਇਸ ਖ਼ਬਰ 'ਚ ਰੱਤੀ ਭਰ ਵੀ ਝੂਠ ਨਹੀਂ ਹੈ।

ਜ਼ਿਕਰਯੋਗ ਹੈ ਕਿ ਗੁਰਿੱਕ ਮਾਨ ਲੰਬੇ ਸਮੇਂ ਤੋਂ ਮੁੰਬਈ 'ਚ ਰਹਿ ਰਹੇ ਹਨ। ਪਿਛਲੇ ਸਾਲ ਹੀ ਉਹ ਗੁਰਦਾਸ ਮਾਨ ਦੇ ਨਵੇਂ ਗੀਤ 'ਪੰਜਾਬ' ਨਾਲ ਸਾਹਮਣੇ ਆਏ ਸਨ। ਉਨ੍ਹਾਂ ਨੇ ਹੀ ਇਸ ਗੀਤ ਦਾ ਵੀਡੀਓ ਫ਼ਿਲਮਾਂਕਣ ਕੀਤਾ ਸੀ।

ਪਤਾ ਲੱਗਾ ਹੈ ਕਿ ਹੁਣ ਉਹ ਗੁਰਦਾਸ ਮਾਨ ਦੀ ਅਗਲੀ ਫ਼ਿਲਮ 'ਨਨਕਾਣਾ' ਨੂੰ ਡਾਇਰੈਕਟ ਕਰਨ ਜਾ ਰਹੇ ਹਨ। ਪੰਜਾਬ ਦੇ ਸ਼ਹਿਰ ਹੁਸ਼ਿਆਰਪੁਰ ਦੇ ਇਕ ਜੱਟ ਪਰਿਵਾਰ 'ਚ ਜੰਮੀ ਸਿਮਰਨ ਦਿੱਲੀ ਅਤੇ ਮੱਧ ਪ੍ਰਦੇਸ਼ 'ਚ ਜਵਾਨ ਹੋਈ ਹੈ। ਉਹ ਮਾਡਲਿੰਗ ਜ਼ਰੀਏ ਇਸ ਗਲੈਮਰ ਜਗਤ 'ਚ ਆਈ ਸੀ।
ਕਈ ਬਿਊਟੀ ਖਿਤਾਬ ਆਪਣੇ ਨਾਂ ਕਰ ਚੁੱਕੀ ਹੈ ਗੁਰਦਾਸ ਮਾਨ ਦੀ ਹੋਣ ਵਾਲੀ ਨੂੰਹ
ਇੱਥੇ ਇਹ ਵੀ ਦੱਸਣਯੋਗ ਹੈ ਕਿ ਫ਼ੈਮਿਨਾ ਮਿਸ ਇੰਡੀਆ, ਮਿਸ ਯੂਨੀਵਰਸ ਸਮੇਤ ਕਈ ਟਾਈਟਲਜ਼ ਆਪਣੇ ਨਾਂ ਕਰ ਚੁੱਕੀ ਸਿਮਰਨ ਦੀ ਹਿੰਦੀ ਫ਼ਿਲਮ ਇੰਡਸਟਰੀ 'ਚ ਅਸਲ ਪਛਾਣ ਦੋ ਕੁ ਸਾਲ ਪਹਿਲਾਂ ਹੀ ਕਪਿਲ ਸ਼ਰਮਾ ਦੀ ਫ਼ਿਲਮ 'ਕਿਸ ਕਿਸ ਕੋ ਪਿਆਰ ਕਰੂ' ਨਾਲ ਬਣੀ ਹੈ।

ਉਹ ਪੰਜਾਬੀ ਫ਼ਿਲਮ ਇੰਡਸਟਰੀ 'ਚ ਵੀ ਸਰਗਰਮ ਰਹੀ ਹੈ। ਪੰਜਾਬੀ 'ਚ ਉਹ ਫ਼ਿਲਮਾਂ 'ਬੈਸਟ ਆਫ਼ ਲੱਕ' ਅਤੇ 'ਮੁੰਡਿਆਂ ਤੋਂ ਬਚ ਕੇ ਰਹੀ' ਵਿੱਚ ਕੰਮ ਕਰ ਚੁੱਕੀ ਹੈ।