ਜਲੰਧਰ(ਬਿਊਰੋ)- ਇਕ ਰਾਸ਼ਟਰ, ਇਕ ਭਾਸ਼ਾ ’ਤੇ ਬਿਆਨ ਤੋਂ ਬਾਅਦ ਵਿਵਾਦਾਂ ਦੇ ਘੇਰੇ ’ਚ ਆਏ ਗੁਰਦਾਸ ਮਾਨ ਅੱਜ ਜਲੰਧਰ ਪਹੁੰਚੇ। ਉਹ ਡੇਰਾ ਬਾਬਾ ਮੁਰਾਦ ਸ਼ਾਹ ਨਕੋਦਰ ਪਹੁੰਚੇ।ਦੱਸ ਦੇਈਏ ਕਿ ਗੁਰਦਾਸ ਮਾਨ ਡੇਰਾ ਬਾਬਾ ਮੁਰਾਦ ਸ਼ਾਹ ਦੇ ਮੁੱਖ ਸੇਵਾਦਾਰ ਹਨ ਅਤੇ ਵੀਰਵਾਰ ਯਾਨੀ ਕਿ ਅੱਜ ਸਾਈ ਲਾਡੀ ਸ਼ਾਹ ਜੀ ਦਾ ਜਨਮਦਿਨ ਹੈ। ਇਸ ਕਾਰਨ ਵੱਡੀ ਗਿਣਤੀ ’ਚ ਸ਼ਰਧਾਲੂ ਡੇਰਾ ਪਹੁੰਚ ਰਹੇ ਹਨ।
ਜਲੰਧਰ ਦੀ ਪੁਲਸ ਨੇ ਗੁਰਦਾਸ ਮਾਨ ਦੇ ਵਿਰੋਧ ਨੂੰ ਦੇਖਦੇ ਹੋਏ ਨਕੋਦਰ ’ਚ ਸੁਰੱਖਿਆ ਸਖਤ ਕਰ ਦਿੱਤੀ ਹੈ। ਡੇਰਾ ਬਾਬਾ ਮੁਰਾਦ ਸ਼ਾਹ ਦੇ ਆਲੇ-ਦੁਆਲੇ ਵੀ ਸੁਰੱਖਿਆ ਦਾ ਘੇਰਾ ਵਧਾ ਦਿੱਤਾ ਗਿਆ ਹੈ। ਐੱਸ.ਐੱਸ.ਪੀ. ਨਵਜੋਤ ਸਿੰਘ ਮਾਹਲ ਦਾ ਕਹਿਣਾ ਹੈ ਕਿ ਗੁਰਦਾਸ ਮਾਨ ਦੇ ਨਕੋਦਰ ਆਉਣ ਦੀ ਸੂਚਨਾ ਆ ਚੁਕੀ ਹੈ। ਅੰਮ੍ਰਿਤਸਰ ਪਹੁੰਚੇ ਗੁਰਦਾਸ ਮਾਨ ਨੂੰ ਏਅਰਪੋਰਟ ’ਤੇ ਰਿਸੀਵ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ. ਸੋਨੂ ਢੇਸੀ ਖੁਦ ਪਹੁੰਚੇ।
ਦੱਸਣਯੋਗ ਹੈ ਕਿ ਗੁਰਦਾਸ ਮਾਨ ਦੇ ਖਿਲਾਫ ਜਲੰਧਰ ’ਚ ਦੋ ਵਾਰ ਸਿੱਖ ਜੱਥੇਬੰਦੀਆਂ ਵੱਲੋਂ ਪ੍ਰਦਰਸ਼ਨ ਹੋ ਚੁਕਿਆ ਹੈ। ਕੈਨੇਡਾ ’ਚ ਵੀ ਗੁਰਦਾਸ ਮਾਨ ਦਾ ਵਿਰੋਧ ਹੋਇਆ, ਜਿਸ ਦੀ ਗੁੰਜ ਪੰਜਾਬ ’ਚ ਵੀ ਚੁਕੀ ਹੈ। ਮਾਨ ਨੇ ਕੈਨੇਡਾ ’ਚ ਇਕ ਰਾਸ਼ਟਰ ਇਕ ਭਾਸ਼ਾ ਦੀ ਹਿਮਾਇਤ ਕਰਕੇ ਵਿਵਾਦਾਂ ਨੂੰ ਗਲੇ ਲਗਾ ਲਿਆ ਹੈ। ਹਾਲਾਂਕਿ ਕੁਝ ਗਲਤ ਨਹੀਂ ਕਿਹਾ ਹੈ। ਪੰਜਾਬੀ ਮਾਂ ਬੋਲੀ ਹੈ ਪਰ ਰਾਸ਼ਟਰ ਦੀ ਭਾਸ਼ਾ ਤਾਂ ਹਿੰਦੀ ਹੈ। ਇਕ ਦੂਜੇ ਨਾਲ ਗੱਲ ਕਰਨ ਲਈ ਹਿੰਦੀ ਜ਼ਰੂਰੀ ਹੈ।