ਜਲੰਧਰ(ਬਿਊਰੋ)- ਇਕ ਰਾਸ਼ਟਰ, ਇਕ ਭਾਸ਼ਾ ’ਤੇ ਬਿਆਨ ਤੋਂ ਬਾਅਦ ਵਿਵਾਦਾਂ ਦੇ ਘੇਰੇ ’ਚ ਆਏ ਗੁਰਦਾਸ ਮਾਨ ਕੈਨੇਡਾ ਤੋਂ ਵਾਪਸ ਆ ਗਏ ਹਨ ਅਤੇ ਇਸ ਮਾਮਲੇ ’ਤੇ ਉਨ੍ਹਾਂ ਨੇ ਇਕ ਵੱਡਾ ਬਿਆਨ ਦਿੱਤਾ। ਗੁਰਦਾਸ ਮਾਨ ਸ੍ਰੀ ਗੁਰੂ ਰਾਮਦਾਸ ਜੀ ਅੰਤਰ ਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚੇ। ਕੈਨੇਡਾ ’ਚ ਕਈ ਸ਼ੋਅ ਕਰਨ ਤੋਂ ਬਾਅਦ ਗੁਰੂ ਨਗਰੀ ਪਹੁੰਚੇ ਗੁਰਦਾਸ ਮਾਨ ਸਪੋਰਟਸ ਕੈਪ ਪਹਿਨੀ ਹੋਈ ਸੀ। ਮਾਨ ਦੇ ਅੰਮ੍ਰਿਤਸਰ ਹਵਾਈ ਅੱਡੇ ਪਹੁੰਚਣ ਤੋਂ ਪਹਿਲਾਂ ਹੀ ਸੀ. ਆਈ. ਐੱਸ. ਐੱਫ. ਦੇ ਜਵਾਨਾਂ ਨੇ ਉਨ੍ਹਾਂ ਦੀ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਹੋਏ ਸਨ। ਮਾਨ ਜਿਵੇਂ ਹੀ ਆਪਣੇ ਸਮਰਥਕਾਂ ਨਾਲ ਹਵਾਈ ਅੱਡੇ ਦੇ ਟਰਮੀਨਲ ਦੇ ਬਾਹਰ ਪਹੁੰਚੇ ਉੱਥੇ ਤਾਇਨਾਤ ਸੀ.ਆਈ.ਐੱਸ. ਐੱਫ. ਤੇ ਪੰਜਾਬ ਪੁਲਸ ਦੇ ਜਵਾਨਾਂ ਨੇ ਉਨ੍ਹਾਂ ਨੂੰ ਆਪਣੇ ਘੇਰੇ ’ਚ ਲੈ ਲਿਆ।
ਪੱਤਰਕਾਰਾਂ ਨੇ ਜਦੋਂ ਉਨ੍ਹਾਂ ਕੋਲੋਂ ਪੁੱਛਿਆ ਕਿ ਕੈਨੇਡਾ ’ਚ ਉਨ੍ਹਾਂ ਨੇ ਇਕ ਵਿਵਾਦਿਤ ਬਿਆਨ ਦਿੱਤਾ ਹੈ ਤਾਂ ਮਾਨ ਨੇ ਹਾਈ ਅੱਡੇ ’ਚ ਲੱਗੇ ਬਿਜਲੀ ਦੇ ਬਲਬਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਬੱਤੀ ਤਾਂ ਉੱਥੇ ਵੀ ਜਗ ਰਹੀ ਹੈ। ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਉਨ੍ਹਾਂ ਦੇ ਬਿਆਨ ਦਾ ਪੰਜਾਬ ’ਚ ਵਿਰੋਧ ਹੋ ਰਿਹਾ ਹੈ ਤਾਂ ਉਨ੍ਹਾਂ ਨੇ ਹੱਥ ਜੋੜ ਕੇ ਕਿਹਾ ਕਿ ਉਨ੍ਹਾਂ ਨੂੰ ਵਿਰੋਧ ਦੀ ਚਿੰਤਾ ਨਹੀਂ ਹੈ, ਜੋ ਵਿਰੋਧ ਕਰ ਰਿਹਾ ਹੈ ਉਨ੍ਹਾਂ ਨੂੰ ਕਰਨ ਦਿਓ। ਇੰਨਾ ਬੋਲ ਕੇ ਉਹ ਆਪਣੀ ਗੱਡੀ ’ਚ ਬੈਠ ਕੇ ਸ੍ਰੀ ਮੁਕਤਸਰ ਸਾਹਿਬ ਲਈ ਰਵਾਨਾ ਹੋ ਗਏ।