ਜਲੰਧਰ— 9 ਫਰਵਰੀ ਨੂੰ ਰਿਲੀਜ਼ ਹੋਏ ਗੁਰਦਾਸ ਮਾਨ ਦੇ ਗੀਤ 'ਪੰਜਾਬ' ਦੀ ਜਿਥੇ ਤਾਰੀਫ ਹੋ ਰਹੀ ਹੈ, ਉਥੇ ਇਹ ਗੀਤ ਕਾਫੀ ਆਲੋਚਨਾ ਵੀ ਬਟੌਰ ਰਿਹਾ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਗੁਰਦਾਸ ਮਾਨ ਦਾ ਇਹ ਗੀਤ ਔਰਤਾਂ ਖਿਲਾਫ ਹੈ ਤੇ ਰੂੜੀਵਾਦੀ ਸੋਚ ਦਾ ਸ਼ਿਕਾਰ ਹੈ। ਵੀਡੀਓ 'ਚ ਦਿਖਾਇਆ ਗਿਆ ਹੈ ਕਿ ਸਿਰਫ ਇਕ ਔਰਤ ਹੀ ਬੱਚੇ ਦੀ ਪਰਵਰਿਸ਼ ਦੀ ਜ਼ਿੰਮੇਵਾਰ ਹੈ ਪਰ ਉਹ ਔਰਤ ਹੁਣ ਨਸ਼ਿਆਂ 'ਚ ਪੈ ਚੁੱਕੀ ਹੈ।
ਇਸ 'ਤੇ ਗੁਰਦਾਸ ਮਾਨ ਨੇ ਚੁੱਪੀ ਤੋੜੀ ਹੈ। ਉਨ੍ਹਾਂ ਕਿਹਾ, 'ਇਸ ਗੱਲ ਦੇ ਵਿਗਿਆਨਕ ਸਬੂਤ ਹਨ ਕਿ ਸਿਗਰਟਨੋਸ਼ੀ ਬੱਚਿਆਂ ਲਈ ਹਾਨੀਕਾਰਕ ਹੈ। ਜੇ ਮੈਂ ਇਹ ਗੱਲ ਵਿਖਾਈ ਤਾਂ ਕੀ ਮੈਂ ਔਰਤਾਂ ਦੇ ਖਿਲਾਫ ਹੋ ਗਿਆ। ਔਰਤ ਨੇ ਬੱਚੇ ਨੂੰ ਜਨਮ ਦੇਣਾ ਹੁੰਦਾ ਹੈ, ਉਹ ਇਹ ਸਭ ਚੀਜ਼ਾਂ ਆਪਣੇ ਸਰੀਰ 'ਚ ਨਹੀਂ ਪਾ ਸਕਦੀ। ਮੈਂ ਵੀਡੀਓ 'ਚ ਮਰਦਾਂ ਬਾਰੇ ਵੀ ਗੱਲ ਕੀਤੀ ਹੈ ਪਰ ਮੈਂ ਮੰਨਦਾ ਹਾਂ ਕਿ ਮਾਂ ਬੱਚੇ ਦੇ ਪਾਲਣ-ਪੌਸ਼ਣ 'ਚ ਪਹਿਲਾਂ ਆਉਂਦੀ ਹੈ।'
ਮਾਨ ਨੇ ਇਹ ਵੀ ਜਤਾਇਆ ਕਿ ਨਿੰਦਿਆ ਕਰਨ ਵਾਲੇ ਉਨ੍ਹਾਂ ਦੇ ਗੀਤ 'ਚ ਹੋਰ ਚੀਜ਼ਾਂ ਨਹੀਂ ਦੇਖ ਰਹੇ। ਉਨ੍ਹਾਂ ਕਿਹਾ, 'ਮੈਂ ਵੀਡੀਓ 'ਚ ਦਿਖਾਇਆ ਹੈ ਕਿ ਇਕ ਕੁੜੀ ਆਪਣੇ ਪਿਓ ਦੀ ਅਰਥੀ ਚੁੱਕ ਰਹੀ ਹੈ। ਮੈਂ ਐਸਿਡ ਅਟੈਕਰ ਤੇ ਬਦਮਾਸ਼ਾਂ ਦੀ ਵੀ ਨਿੰਦਿਆ ਕੀਤੀ ਹੈ। ਮੈਂ ਸ਼ੁਰੂਆਤ ਤੋਂ ਹੀ ਆਪਣੇ ਗੀਤਾਂ 'ਚ ਕੁੜੀਆਂ ਦੀ ਗੱਲ ਕਰਦਾ ਆਇਆ ਹਾਂ।'
ਲੋਕਾਂ ਦਾ ਕਹਿਣਾ ਇਹ ਵੀ ਹੈ ਕਿ ਗੁਰਦਾਸ ਮਾਨ ਨੇ ਸਾਲਾਂ ਪਹਿਲਾਂ ਆਪਣੇ ਗੀਤ 'ਚ ਘਰ ਦੀ ਸ਼ਰਾਬ ਨੂੰ ਪ੍ਰਮੋਟ ਕੀਤਾ ਸੀ। ਇਸ 'ਤੇ ਗੁਰਦਾਸ ਮਾਨ ਨੇ ਕਿਹਾ, 'ਇਹ ਤੁਲਨਾ ਬਹੁਤ ਗਲਤ ਹੈ। ਉਸ ਵੇਲੇ ਮੈਂ ਪੰਜਾਬ ਦੇ ਲੋਕਾਂ ਦੀ ਮਹਿਮਾਨ ਨਿਵਾਜ਼ੀ ਬਾਰੇ ਗੱਲ ਕੀਤੀ ਸੀ। ਮੈਂ ਨਹੀਂ ਕਹਿੰਦਾ ਕਿ ਸ਼ਰਾਬ ਪੀਣਾ ਲਿਮਿਟ 'ਚ ਗਲਤ ਹੈ ਪਰ ਅੱਜ ਦੇ ਪੰਜਾਬ 'ਚ ਇਹ ਇਕ ਵੱਡੀ ਬੀਮਾਰੀ ਬਣ ਗਈ ਹੈ।'
ਗੁਰਦਾਸ ਮਾਨ ਮੁਤਾਬਕ ਇੰਨੀ ਆਲੋਚਨਾ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ, 'ਮੇਰੀ ਗੀਤ ਦਾ ਹਰ ਇਕ ਸ਼ਬਦ ਤੇ ਵੀਡੀਓ ਦਾ ਹਰ ਫਰੇਮ ਬੜੀ ਬੇਰਹਿਮੀ ਨਾਲ ਤੋਲਿਆ ਜਾ ਰਿਹਾ ਹੈ ਪਰ ਮੈਂ ਇਸ ਨੂੰ ਆਪਣੀ ਸਿਫਤ 'ਚ ਲੈਂਦਾ ਹੈ। ਮੇਰੇ ਲਈ ਇਹ ਬੋਲਣਾ ਬਹੁਤ ਜ਼ਰੂਰੀ ਸੀ, ਉਸ ਪੰਜਾਬ ਲਈ ਜਿਸ ਨੇ ਮੈਨੂੰ ਇੰਨਾ ਕੁਝ ਦਿੱਤਾ ਹੈ।