ਜਲੰਧਰ (ਬਿਊਰੋ) : ਹਮੇਸ਼ਾ ਤੋਂ ਪੰਜਾਬੀ ਗੀਤਾਂ 'ਚ ਸੱਭਿਆਚਾਰਕ ਗੀਤਾਂ ਨਾਲ ਨੌਜਵਾਨ ਪੀੜ੍ਹੀ ਦਾ ਦਿਲ ਮੋਹਣ ਵਾਲੇ ਪੰਜਾਬੀ ਗਾਇਕ ਗੁਰਨਾਮ ਭੁੱਲਰ ਦੇ ਸ਼ੋਸ਼ਲ ਮੀਡੀਆ 'ਤੇ ਖੂਬ ਚਰਚੇ ਹੋ ਰਹੇ ਹਨ। ਦਰਅਸਲ ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਹਿੰਦੀ ਗੀਤ 'ਆਖ ਮਾਰੇ' 'ਤੇ ਡਾਂਸ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਇਸ ਵੀਡੀਓ 'ਚ ਬਾਲੀਵੁੱਡ ਅਦਾਕਾਰਾ ਤੇ ਮਾਡਲ ਸ਼ਰਧਾ ਆਰਿਆ ਵੀ ਗੁਰਨਾਮ ਭੁੱਲਰ ਨਾਲ ਨੱਚਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਦੇ ਕੈਪਸ਼ਨ 'ਚ ਗੁਰਨਾਮ ਭੁੱਲਰ ਨੇ ਲਿਖਿਆ ਹੈ ਕਿ 'ਅਸੀਂ ਦੋਵੇਂ ਜਲਦ ਹੀ ਇਕੱਠੇ ਨਵੇਂ ਪ੍ਰੋਜੈਕਟ 'ਚ ਨਜ਼ਰ ਆਵਾਂਗੇ।''
ਦੱਸ ਦੇਈਏ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸੰਘਰਸ਼ ਦੀ ਲੰਬੀ ਲੜਾਈ ਲੜਨ ਤੋਂ ਬਾਅਦ ਗੁਰਨਾਮ ਭੁੱਲਰ ਨੇ ਸੰਗੀਤ ਜਗਤ 'ਚ ਆਪਣੇ ਹੁਨਰ, ਮਿਹਨਤ ਸਦਕਾ ਗਾਇਕੀ ਦੀ ਮਿਸਾਲ ਕਾਇਮ ਕੀਤੀ ਹੈ। ਗੁਰਨਾਮ ਭੁੱਲਰ ਇਕ ਅਜਿਹੇ ਕਲਾਕਾਰ ਹਨ, ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਵੱਡਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਹੁਣ ਤੱਕ ਕਈ ਹਿੱਟ ਗੀਤ ਗਾਏ ਹਨ, ਜਿਨ੍ਹਾਂ 'ਚ 'ਡਾਇਮੰਡ ਦੀ ਝਾਂਜਰ', 'ਪੱਕ ਠੱਕ', 'ਉਧਾਰ ਚੱਲਦਾ', 'ਜੱਟ ਜ਼ਿਮੀਂਦਾਰ', 'ਯਾਰੀ ਤੇ ਸਰਦਾਰੀ' ਵਰਗੇ ਗੀਤ ਸ਼ਾਮਲ ਹਨ, ਜੋ ਦਰਸ਼ਕਾਂ ਦੀ ਜੁਬਾਨ 'ਤੇ ਅੱਜ ਵੀ ਸੁਣਨ ਨੂੰ ਮਿਲਦੇ ਹਨ।