ਜਲੰਧਰ (ਬਿਊਰੋ) — ਗੁਰਨਾਮ ਭੁੱਲਰ ਇਕ ਵਧੀਆ ਗਾਇਕ ਹੋਣ ਦੇ ਨਾਲ-ਨਾਲ ਚੰਗੇ ਅਦਾਕਾਰ ਵੀ ਹਨ। ਗਾਇਕੀ ਤੇ ਅਦਾਕਾਰੀ ਦੇ ਖੇਤਰ 'ਚ ਬੁਲੰਦੀਆਂ ਹਾਸਲ ਕਰਨ ਤੋਂ ਬਾਅਦ ਹੁਣ ਗੁਰਨਾਮ ਭੁੱਲਰ ਨਵੇਂ ਖੇਤਰ 'ਚ ਕਿਸਮਤ ਅਜਮਾਉਣ ਜਾ ਰਹੇ ਹਨ। ਜੀ ਹਾਂ, ਗੁਰਨਾਮ ਭੁੱਲਰ ਅਦਾਕਾਰੀ ਤੋਂ ਬਾਅਦ ਹੁਣ ਪ੍ਰੋਡਕਸ਼ਨ ਦੇ ਖੇਤਰ 'ਚ ਕਦਮ ਰੱਖਣ ਜਾ ਰਹੇ ਹਨ। ਗੁਰਨਾਮ ਭੁੱਲਰ ਨੇ ਆਪਣੇ ਨਵੇਂ ਪ੍ਰੋਜੈਕਟ ਦਾ ਐਲਾਨ ਵੀ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀ ਅਗਲੀ ਫਿਲਮ 'ਮੈਂ ਵਿਆਹ ਨਹੀਂ ਕਰੌਣਾ ਤੇਰੇ ਨਾਲ' ਦਾ ਪੋਸਟਰ ਸ਼ੇਅਰ ਕੀਤਾ ਹੈ।
ਪੋਸਟਰ ਦੇ ਨਾਲ-ਨਾਲ ਉਨ੍ਹਾਂ ਨੇ ਆਪਣੀ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਦਾ ਵੀ ਐਲਾਨ ਕੀਤਾ ਹੈ। ਭੁੱਲਰ ਦੀ ਪ੍ਰੋਡਕਸ਼ਨ ਹੇਠ ਬਣਨ ਵਾਲੀ ਇਹ ਫਿਲਮ 4 ਸਤੰਬਰ 2020 'ਚ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਸਟਾਰ ਕਾਸਟ ਕਿਸ ਤਰ੍ਹਾਂ ਦੀ ਹੋਵੇਗੀ ਇਸ ਬਾਰੇ ਹਾਲੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਗਿਆ। ਗੁਰਨਾਮ ਭੁੱਲਰ ਦੇ ਕੰਮ ਕਰੀਏ ਤਾਂ ਉਹ ਫਿਲਮ 'ਸਹੁਰਿਆਂ ਦਾ ਪਿੰਡ ਆ ਗਿਆ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਉਨ੍ਹਾਂ ਨਾਲ ਸਰਗੁਣ ਮਹਿਤਾ ਨਜ਼ਰ ਆਉਣ ਵਾਲੀ ਹੈ।