ਜਲੰਧਰ (ਜਗਤਾਰ ਦੁਸਾਂਝ) — ਪੰਜਾਬੀ ਇੰਡਸਟਰੀ ਨੂੰ ਕਈ ਗੀਤ ਦੇਣ ਵਾਲੇ ਮਸ਼ਹੂਰ ਗੀਤਕਾਰ ਗੁਰਨਾਮ ਗਾਮਾਂ ਅੱਜ ਕਾਫੀ ਮੁਸ਼ਕਿਲ ਦੌਰ 'ਚੋਂ ਗੁਜਰ ਰਹੇ ਹਨ। ਦੱਸ ਦਈਏ ਕਿ ਗੁਰਨਾਮ ਗਾਮਾਂ ਲੀਵਰ ਦੀ ਗੰਭੀਰ ਬੀਮਾਰੀ ਤੋਂ ਪੀੜਤ ਹਨ, ਜਿਸ ਕਾਰਨ ਉਹ ਫਰੀਦਕੋਟ ਦੇ ਜੀ. ਜੀ. ਐੱਸ. ਮੈਡੀਕਲ ਹਸਪਤਾਲ 'ਚ ਭਰਤੀ ਹਨ। ਗੁਰਨਾਮ ਦੀ ਆਰਥਿਕ ਤੰਗੀ ਦੇ ਚੱਲਦਿਆਂ ਗੀਤਕਾਰ ਸੀਰਾ ਲੁਹਾਰ ਨੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਹੈ। ਉਨ੍ਹਾਂ ਦੀ ਆਰਥਿਕ ਤੰਗੀ ਨੂੰ ਮੱਦੇਨਜ਼ਰ ਰੱਖਦਿਆਂ ਗੁਰਨਾਮ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਅਤੇ ਹੋਰ ਸਮਾਜਸੇਵੀ ਸੰਸਥਾਵਾਂ ਤੋਂ ਮਦਦ ਦੀ ਮੰਗ ਕੀਤੀ ਹੈ।
2011 ਤੋਂ ਲੜ ਰਹੇ ਨੇ ਗੰਭੀਰ ਬੀਮਾਰੀ ਨਾਲ
ਪੰਜਾਬੀ ਗਾਇਕ ਹਰਿੰਦਰ ਸੰਧੂ ਅਤੇ ਗੀਤਕਾਰ ਸੀਰਾ ਲੁਹਾਰ ਨੇ ਦੱਸਿਆ ਕਿ ਗੁਰਨਾਮ ਗਾਮਾਂ 2011 ਤੋਂ ਲੀਵਰ ਦੀ ਬੀਮਾਰੀ ਤੋਂ ਪੀੜ੍ਹਤ ਹਨ ਅਤੇ ਹੁਣ ਹੋਰ ਵੀ ਕਈ ਗੰਭੀਰ ਬੀਮਾਰੀਆਂ ਨੇ ਉਨ੍ਹਾਂ ਨੂੰ ਜਕੜ ਲਿਆ ਹੈ। ਉਨ੍ਹਾਂ ਕਿਹਾ ਕਿ, ਉਂਝ ਤਾਂ ਹੁਣ ਤੱਕ ਕਈ ਗਾਇਕਾਂ ਨੇ ਗਾਮੇ ਦੇ ਇਲਾਜ 'ਚ ਮਦਦ ਕੀਤੀ ਹੈ। ਗਾਮੇ ਦੇ ਘਰ ਦੀ ਹਾਲਤ ਵੀ ਮਾੜੀ ਹੈ। ਇਕ ਸਮਾਂ ਸੀ ਜਦੋਂ ਗੁਰਨਾਮ ਦੇ ਗੀਤ ਪੰਜਾਬੀਆਂ ਦੇ ਹਰ ਪ੍ਰੋਗਰਾਮਾਂ 'ਚ ਪਹਿਲ ਦੇ ਆਧਾਰ 'ਤੇ ਚਲਦੇ ਸਨ। ਗੁਰਨਾਮ 'ਐਨਾ ਤੈਨੂੰ ਪਿਆਰ ਕਰਾਂ', 'ਬੰਦੇ ਵੀ ਦੇਸੀ ਹਾਂ' ਅਤੇ 'ਡਰਾਮਾਂ ਡਰਾਮਾਂ' ਵਰਗੇ ਅਨੇਕਾਂ ਗੀਤਾਂ ਦੀ ਰਚਨਾ ਕਰ ਚੁੱਕੇ ਹਨ। ਪੰਜਾਬ ਦੇ ਕਈ ਗਾਇਕ ਅਕਸਰ ਸੋਸ਼ਲ ਮੀਡੀਆ ਆ ਸ਼ੋਸ਼ੇ ਬਾਜੀ ਕਰਦੇ ਰਹਿੰਦੇ ਹਨ, ਕੋਈ ਕੁਝ ਕਹਿੰਦਾ ਤੇ ਕੋਈ ਕੁਝ। ਦੇਖਣਾ ਹੋਵੇਗਾ ਕਿ ਇਸ ਮਾੜੇ ਸਮੇਂ 'ਚ ਇਸ ਮਜਬੂਰ ਗੀਤਕਾਰ ਦੀ ਬਾਂਹ ਕੌਣ ਫੜ੍ਹਦਾ ਹੈ ਜਾਂ ਪੰਜਾਬ ਸਰਕਾਰ ਗਾਮੇ ਦੇ ਇਲਾਜ ਲਈ ਕੋਈ ਕਦਮ ਚੁੱਕਦੀ ਹੈ ਜਾਂ ਨਹੀਂ।