ਜਲੰਧਰ (ਬਿਊਰੋ) — ਪੰਜਾਬੀ ਗਾਇਕ ਗੁਰੂ ਰੰਧਾਵਾ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਝੰਡੇ ਦੇਸ਼ ਵਿਦੇਸ਼ਾਂ 'ਚ ਗੱਡ ਦਿੱਤੇ ਹਨ। ਇਸ ਦੇ ਚੱਲਦਿਆਂ ਹੁਣ ਉਹ ਕਿਸੇ ਪਛਾਣ ਦੇ ਮਹੁਤਾਜ ਨਹੀਂ ਹਨ। ਭਾਰਤ ਦੇ ਸਭ ਤੋਂ ਹਿੱਟ ਤੇ ਯੂਟਿਊਬ 'ਤੇ ਸਭ ਤੋਂ ਵਧ ਵਿਊਜ਼ ਵਾਲੇ ਗੀਤਾਂ 'ਚ ਗੁਰੂ ਰੰਧਾਵਾ ਦੇ ਕਈ ਗੀਤ ਸ਼ਾਮਲ ਹੋ ਚੁੱਕੇ ਹਨ। ਹੁਣ ਗੁਰੂ ਰੰਧਾਵਾ ਨੇ ਇਕ ਹੋਰ ਇਤਿਹਾਸ ਰਚਿਆ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਸ਼ੇਅਰ ਕੀਤੀ ਹੈ। ਇਕ ਤਸਵੀਰ ਸ਼ੇਅਰ ਕਰਦਿਆਂ ਗੁਰੂ ਰੰਧਾਵਾ ਨੇ ਕੈਪਸ਼ਨ 'ਚ ਲਿਖਿਆ, ''ਗੁਰੂ ਰੰਧਾਵਾ ਪਹਿਲੇ ਭਾਰਤੀ ਆਰਟਿਸਟ ਬਣ ਗਏ ਹਨ, ਜਿਨ੍ਹਾਂ ਦੇ ਯੂਟਿਊਬ 'ਤੇ 7 ਮਿਲੀਅਨ ਵਿਊਜ਼ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਯੂਟਿਊਬ Statistics ਮੁਤਾਬਕ ਗੁਰੂ ਰੰਧਾਵਾ ਦੇ ਗੀਤਾਂ ਦੇ ਵਿਊਜ਼ ਨੂੰ ਮਿਲਾ ਕੇ 7 ਬਿਲੀਅਨ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਗੁਰੂ ਰੰਧਾਵਾ ਦੇ ਗੀਤ 'ਹਾਈ ਰੇਟਡ ਗੱਭਰੂ' ਨੂੰ 890,817,904 ਤੇ 'ਲਾਹੌਰ' ਗੀਤ ਨੂੰ 833,078,940 ਵਿਊਜ਼ ਮਿਲ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਇਸ ਲਿਸਟ 'ਚ ਉਨ੍ਹਾਂ ਦੇ ਕਈ ਹੋਰ ਗੀਤ ਵੀ ਸ਼ਾਮਲ ਹਨ।
ਦੱਸਣਯੋਗ ਹੈ ਕਿ ਗੁਰੂ ਰੰਧਾਵਾ ਦੇ ਗੀਤਾਂ ਦਾ ਕ੍ਰੇਜ਼ ਸਿਰਫ ਸੰਗੀਤ ਜਗਤ 'ਚ ਹੀ ਨਹੀਂ ਸਗੋਂ ਬਾਲੀਵੁੱਡ ਫਿਲਮ ਇੰਡਸਟਰੀ 'ਚ ਵੀ ਦੇਖਣ ਨੂੰ ਮਿਲਦਾ ਹੈ। ਉਨ੍ਹਾਂ ਨੇ ਕਈ ਗੀਤ ਹਿੰਦੀ ਫਿਲਮਾਂ ਲਈ ਵੀ ਗਾਏ ਹਨ। ਗੁਰੂ ਰੰਧਾਵਾ ਅੰਤਰ ਰਾਸ਼ਟਰੀ ਸਟਾਰ ਪਿਟਬੁਲ ਤੇ ਜੇ ਸਿਆਨ ਨਾਲ ਵੀ ਗੀਤ ਗਾ ਚੁੱਕੇ ਹਨ, ਜੋ ਗਲੋਬਲੀ ਹਿੱਟ ਸਾਬਿਤ ਹੋਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਫਿਲਮ 'ਤਾਰਾ ਮੀਰਾ' ਨੂੰ ਵੀ ਪ੍ਰੋਡਿਊਸ ਕੀਤਾ ਹੈ।