ਜਲੰਧਰ(ਬਿਊਰੋ)— ਆਪਣੇ ਵੱਖ-ਵੱਖ ਸੱਭਿਆਚਾਰਕ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਨਾਮੀ ਗਾਇਕ ਗੁਰੂ ਰੰਧਾਵਾ ਅੱਜ ਆਪਣਾ 28ਵਾਂ ਜਨਮਦਿਨ ਮਨਾ ਰਹੇ ਹਨ। ਗੁਰੂ ਰੰਧਾਵਾ ਦਾ ਜਨਮ 30 ਅਗਸਤ 1991 ਨੂੰ ਗੁਰਦਾਸਪੁਰ, ਪੰਜਾਬ 'ਚ ਹੋਇਆ। ਉਨ੍ਹਾਂ ਨੇ 7 ਸਾਲ ਦੀ ਉਮਰ ਤੋਂ ਹੀ ਗਾਇਕੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਨੇ ਆਪਣੀ ਡੈਬਿਊ ਐਲਬਮ 'ਪੇਜ ਵਨ' 17 ਨਵੰਬਰ 2013 ਨੂੰ ਲਾਂਚ ਕੀਤੀ ਸੀ। ਗੁਰੂ ਰੰਧਾਵਾ ਦਾ ਪਹਿਲਾ ਗੀਤ 'ਛੱਡ ਗਈ' ਸੀ, ਜਿਹੜਾ ਇਕ ਸਿੰਗਲ ਟਰੈਕ ਸੀ। ਇਸ ਗੀਤ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ। ਇਸ ਤੋਂ ਬਾਅਦ ਗੁਰੂ ਨੇ ਲਗਾਤਾਰ ਕਈ ਹਿੱਟ ਗੀਤ ਦਿੱਤੇ। ਗੁਰੂ ਦੇ ਹਿੱਟ ਗੀਤਾਂ 'ਚ 'ਪਟੋਲਾ', 'ਤੂੰ ਮੇਰੀ ਰਾਣੀ', 'ਯਾਰ ਮੋੜ ਦੋ', 'ਖ਼ਤ', 'ਆਊਟਫਿਟ', 'ਸੂਟ', 'ਆਈ ਲਵ ਯੂ' ਵਰਗੇ ਗੀਤ ਸ਼ਾਮਲ ਹਨ। ਗੁਰੂ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਸਾਲ 2017 ’ਚ ਫਿਲਮ ‘ਹਿੰਦੀ ਮੀਡੀਅਮ’ ਨਾਲ ਕੀਤੀ। ਉਨ੍ਹਾਂ ਦਾ ਇਹ ਗੀਤ ਹਿੱਟ ਹੋਇਆ ਅਤੇ ਇੱਥੋਂ ਹੀ ਗੁਰੂ ਦਾ ਨਵਾ ਸਫਰ ਸ਼ੁਰੂ ਹੋਇਆ। ਇਸ ਤੋਂ ਬਾਅਦ ਉਹ ਸਲਮਾਨ ਖਾਨ ਦੀ ‘ਦਬੰਗ’ ਟੂਰ ਦਾ ਹਿੱਸਾ ਬਣੇ। ਉਨ੍ਹਾਂ ਦਾ ਸਭ ਤੋਂ ਜ਼ਿਆਦਾ ਦੇਖਿਆ ਜਾ ਵਾਲਾ ਗੀਤ ‘ਲਾਹੌਰ’ ਨੂੰ ਯੂਟਿਊਬ ’ਤੇ 780 ਮਿਲੀਅਨ ਤੋਂ ਜ਼ਿਆਦਾ ਵਾਰ ਦੇਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਗੁਰੂ ਰੰਧਾਵਾ ’ਤੇ ਕੈਨੇਡਾ ਦੇ ਵੈਨਕੂਵਰ ਸ਼ਹਿਰ ’ਚ ਹਾਲ ਹੀ ’ਚ ਜਾਨਲੇਵਾ ਹਮਲਾ ਹੋਇਆ ਸੀ।