ਜਲੰਧਰ (ਬਿਊਰੋ) : ਪੰਜਾਬ ਦੀ ਧਰਤੀ ਨੇ ਕਈ ਫਨਕਾਰਾਂ ਨੂੰ ਜਨਮ ਦਿੱਤਾ ਹੈ। ਇਸ ਧਰਤੀ 'ਤੇ ਕਈ ਸੰਤ ਮਹਾਂਪੁਰਸ਼ ਆਏ, ਜਿਨਾਂ ਨੇ ਪੂਰੀ ਮਨੁੱਖਤਾ ਨੂੰ ਇੱਕਜੁਟਤਾ ਦਾ ਸੁਨੇਹਾ ਦਿੱਤਾ। ਰੰਗਲੇ ਪੰਜਾਬ ਦੀ ਇਸ ਧਰਤੀ 'ਤੇ ਹੀ ਵੱਡੀ ਗਿਣਤੀ 'ਚ ਕਲਾਕਾਰ 'ਤੇ ਫਨਕਾਰ ਹੋਏ, ਜਿਸ 'ਚੋਂ ਇਕ ਹਨ ਹੰਸ ਰਾਜ ਹੰਸ। ਹੰਸ ਰਾਜ ਹੰਸ ਨੇ ਗਾਇਕੀ ਨੂੰ ਇਕ ਨਵੀਂ ਪਛਾਣ ਦਿੱਤੀ ਹੈ। ਉਨਾਂ ਦਾ ਜਨਮ ਪੰਜਾਬ ਦੇ ਜਲੰਧਰ ਜ਼ਿਲੇ 'ਚ ਸ਼ਫੀਪੁਰ 'ਚ 9 ਅਪ੍ਰੈਲ 1964 'ਚ ਹੋਇਆ।
ਪਿਤਾ ਰਸ਼ਪਾਲ ਸਿੰਘ 'ਤੇ ਮਾਤਾ ਸਿਰਜਨ ਕੌਰ ਦੇ ਘਰ ਜਨਮ ਲੈਣ ਵਾਲੇ ਹੰਸਰਾਜ ਹੰਸ ਦਾ ਪਿਛੋਕੜ ਗਾਇਕੀ ਦਾ ਨਹੀਂ ਸੀ ਪਰ ਨਿੱਕੀ ਉਮਰੇ ਉਨ੍ਹਾਂ ਦੀ ਗਲੀ 'ਚ ਸਿਤਾਰਾ ਸਿੰਘ ਨਾਂ ਦਾ ਵਿਅਕਤੀ ਗਾਉਣ ਲਈ ਆਉਂਦਾ ਸੀ, ਜੋ ਧਾਰਮਿਕ ਗੀਤ ਗਾਉਂਦਾ ਸੀ। ਹੰਸ ਰਾਜ ਉਸ ਨੂੰ ਰੋਜ ਸੁਣਦੇ ਸਨ। ਇਸ ਤੋਂ ਹੀ ਉਨ੍ਹਾਂ ਨੂੰ ਗਾਇਕ ਬਣਨ ਦੀ ਪ੍ਰੇਰਣਾ ਮਿਲੀ ਸੀ। ਉਸ ਤੋਂ ਬਾਅਦ ਉਹ ਉਸਤਾਦ ਪੂਰਨ ਸ਼ਾਹ ਕੋਟੀ ਦੇ ਸ਼ਾਗਿਰਦ ਬਣ ਗਏ।
ਉਨ੍ਹਾਂ ਨੇ ਪੂਰਨ ਸ਼ਾਹ ਕੋਟੀ ਨੂੰ ਗੁਰੂ ਧਾਰਿਆਂ 'ਤੇ ਉਨਾਂ ਤੋਂ ਸੰਗੀਤ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ। ਪੂਰਨ ਸ਼ਾਹ ਕੋਟੀ ਉਨ੍ਹਾਂ ਦੀ ਅਵਾਜ਼ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਨਾਂ ਨੂੰ 'ਹੰਸ' ਦਾ ਖਿਤਾਬ ਦਿੱਤਾ।
ਇਸ ਤੋਂ ਇਲਾਵਾ ਉਨ੍ਹਾਂ ਨੇ ਮਿਊਜ਼ਿਕ ਡਾਇਰੈਕਟਰ ਚਰਨਜੀਤ ਆਹੂਜਾ ਤੋਂ ਵੀ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ, ਜਿਸ ਤੋਂ ਬਾਅਦ ਉਨ੍ਹਾਂ ਨੇ ਲੋਕ ਗਾਇਕੀ ਵੱਲ ਆਪਣਾ ਰੁਖ ਕੀਤਾ ਅਤੇ ਧਾਰਮਿਕ ਤੇ ਲੋਕ ਗੀਤ ਗਾਉਣੇ ਸ਼ੁਰੂ ਕੀਤੇ।
ਉਨ੍ਹਾਂ ਨੇ ਫਿਲਮ 'ਕੱਚੇ ਧਾਗੇ' 'ਚ ਵੀ ਕੰਮ ਕੀਤਾ। ਅਮਰੀਕਾ ਦੇ ਵਾਸ਼ਿੰਗਟਨ ਡੀ. ਸੀ. 'ਚ ਉਨ੍ਹਾਂ ਨੂੰ ਆਨਰੇਰੀ ਮਿਊਜਿਕ ਪ੍ਰੋਫੈਸਰ ਦਾ ਸਨਮਾਨ ਹਾਸਲ ਹੋਇਆ। ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਰਾਜ ਗਾਇਕ ਹੋਣ ਦਾ ਮਾਣ ਵੀ ਹਾਸਲ ਹੋਇਆ। ਉਨਾਂ ਦੀ ਲੋਕਪ੍ਰਿਯਤਾ 'ਨੀ ਵਣਜਾਰਨ ਕੁੜੀਏ' ਗੀਤ ਨਾਲ ਹੋਈ।
ਇਹ ਗੀਤ ਉਨ੍ਹਾਂ ਦੇ ਕਰੀਅਰ 'ਚ ਮੀਲ ਦਾ ਪੱਥਰ ਸਾਬਤ ਹੋਇਆ। ਹੰਸ ਰਾਜ ਹੰਸ ਨੇ ਉਸਤਾਦ ਨੁਸਰਤ ਫਤਿਹ ਅਲੀ ਖਾਨ ਨਾਲ ਵੀ ਕੰਮ ਕੀਤਾ। ਉਨ੍ਹਾਂ ਨੇ ਆਪਣੀ ਮਿੱਠੜੀ ਅਵਾਜ਼ ਨਾਲ ਹਰ ਕਿਸੇ ਦੇ ਮਨ ਮੋਹਿਆ।
ਉਨਾਂ ਨੇ ਪੰਜਾਬੀ ਲੋਕ ਗੀਤਾਂ ਤੇ ਸੂਫੀ ਸੰਗੀਤ ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਇਆ।