ਜਲੰਧਰ (ਬਿਊਰੋ) : 24 ਮਾਰਚ ਤੋਂ ਦੇਸ਼ ਭਰ 'ਚ ਹੋਏ ਲੌਕਡਾਊਨ ਨੇ ਹਰੇਕ ਵਰਗ ਨਾਲ ਜੁੜੇ ਲੋਕਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਇਸ ਦੌਰਾਨ ਆਮ ਵਿਅਕਤੀ ਤੋਂ ਲੈ ਕੇ ਮਿਡਲ ਕਲਾਸ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਰ ਅਜਿਹੇ 'ਚ ਸਭ ਤੋਂ ਵੱਧ ਨੁਕਸਾਨ ਰੋਜਾਨਾ ਕਮਾ ਕੇ ਖਾਉਣ ਵਾਲੇ ਲੋਕਾਂ ਨੂੰ ਹੋਇਆ ਹੈ। ਪੰਜਾਬੀ ਸੰਗੀਤ ਜਗਤ ਨਾਲ ਜੁੜੇ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਮਾੜੀ ਹਾਲਤ ਗਾਇਕਾਂ ਦੇ ਨਾਲ ਰਹਿਣ ਵਾਲੇ ਮਿਊਜ਼ੀਸ਼ੀਅਨਸ ਦੀ ਹੋਈ ਹੈ।ਲੌਕਡਾਊਨ ਦੌਰਾਨ ਕਿਸੀ ਗਾਇਕ ਨੇ ਇਨ੍ਹਾਂ ਮਿਊਜ਼ੀਸ਼ੀਅਨਸ ਦੀ ਬਾਂਹ ਨਹੀਂ ਫੜੀ।

ਪੰਜਾਬੀ ਗਾਇਕਾਂ ਵੱਲੋਂ ਮਿਊਜ਼ੀਸ਼ੀਅਨਸ ਦੀ ਮਦਦ ਨਾ ਕਰਨ 'ਤੇ ਮਸ਼ਹੂਰ ਪੰਜਾਬੀ ਗਾਇਕ ਤੇ ਦਿੱਲੀ ਤੋਂ ਸਾਂਸਦ ਹੰਸ ਰਾਜ ਹੰਸ ਦੇ ਭਰਾ ਬੋਲਦੇ ਨਜ਼ਰ ਆਏ। ਪਰਮਜੀਤ ਹੰਸ ਨੇ ਇਕ ਵੀਡੀਓ ਸਾਂਝੀ ਕਰ ਉਹਨਾਂ ਗਾਇਕਾਂ ਨੂੰ ਖਰੀਆਂ-ਖਰੀਆਂ ਸੁਣਾਈਆਂ ਜੋ ਇਕ-ਇਕ ਸ਼ੋਅ ਦਾ 20-20 ਲੱਖ ਲੈਂਦੇ ਰਹੇ ਤੇ ਹੁਣ ਕਿਸੇ ਵੀ ਮਿਊਜ਼ੀਸ਼ੀਅਨਸ ਦੀ ਮਦਦ ਨਹੀਂ ਕਰ ਰਹੇ।ਪਰਮਜੀਤ ਹੰਸ ਨੇ ਅੱਗੇ ਕਿਹਾ ਕਿ ਗਾਇਕ ਸਟੇਜਾਂ 'ਤੇ ਇਨ੍ਹਾਂ ਮਿਊਜ਼ੀਸ਼ੀਅਨਸ ਨੂੰ ਆਪਣੇ ਪਰਿਵਾਰਿਕ ਮੈਂਬਰ ਦੱਸਦੇ ਹਨ ਤੇ ਹੁਣ ਇਹੀ ਗਾਇਕ ਕਿਸੀ ਵੀ ਮਿਊਜ਼ੀਸ਼ੀਅਨਸ ਦੀ ਸਾਰ ਨਹੀਂ ਲੈ ਰਹੇ।
ਇਕ ਮਸ਼ਹੂਰ ਤੇ ਪੁਰਾਣੇ ਗਾਇਕ ਦਾ ਨਾਮ ਲਏ ਬਗੈਰ ਪਰਮਜੀਤ ਹੰਸ ਨੇ ਤੰਜ ਕੱਸਦੇ ਕਿਹਾ ਕਿ ਉਸ ਗਾਇਕ ਨੇ ਸ਼ੋਅਜ਼ ਅਤੇ ਜਾਗਰਣ ਤੋਂ ਕਾਫੀ ਪੈਸਾ ਕਮਾ ਕੇ ਆਪਣੀ ਕੋਠੀ ਬਣਾ ਲਈ, ਵੱਡੀਆਂ ਗੱਡੀਆਂ ਲੈ ਲਈਆਂ ਤੇ ਹੁਣ ਵੀਡੀਓ ਪਾ ਕੇ ਹੋਰਨਾਂ ਲੋਕਾਂ ਨੂੰ ਮਿਊਜ਼ੀਸ਼ੀਅਨਸ ਦੀ ਮਦਦ ਕਰਨ ਲਈ ਕਹਿ ਰਹੇ ਹਨ। ਪਰਮਜੀਤ ਹੰਸ ਨੇ ਕਿਹਾ ਕਿ ਹਾਲਾਂਕਿ ਇਹ ਮੇਰੀ ਡਿਊਟੀ ਨਹੀਂ ਪਰ ਫਿਰ ਵੀ ਮੈਂ ਕੁਝ ਮਿਊਜ਼ੀਸ਼ੀਅਨਸ ਦੀ ਆਪਣੇ ਤੌਰ 'ਤੇ ਮਦਦ ਕੀਤੀ ਹੈ ।