ਨਵੀਂ ਦਿੱਲੀ(ਬਿਊਰੋ) — ਬਾਲੀਵੁੱਡ ਦੇ ਹੀਰੋ ਨੰਬਰ ਵਨ ਗੋਵਿੰਦਾ ਅੱਜ ਆਪਣਾ 56ਵਾਂ ਜਨਮਦਿਨ ਮਨਾ ਰਹੇ ਹਨ। ਗੋਵਿੰਦਾ ਦਾ ਜਨਮ 21 ਦਸੰਬਰ 1963 ਨੂੰ ਹੋਇਆ। ਉਨ੍ਹਾਂ ਦੇ ਪਿਤਾ ਅਭਿਨੇਤਾ ਅਰੁਣ ਕੁਮਾਰ ਆਹੂਜਾ ਇਕ ਐਕਟਰ ਹੋਣ ਦੇ ਨਾਲ-ਨਾਲ ਪ੍ਰੋਡਿਊਸਰ ਅਤੇ ਮਾਂ ਨਿਰਮਲਾ ਆਹੂਜਾ ਅਦਾਕਾਰਾ ਅਤੇ ਗਾਇਕਾ ਸਨ। ਗੋਵਿੰਦਾ ਛੇ ਭਰਾ ਭੈਣਾਂ 'ਚ ਸਭ ਤੋਂ ਛੋਟੇ ਹਨ। ਗੋਵਿੰਦਾ ਦੇ ਪਿਤਾ ਨੇ ਹੀ ਉਨ੍ਹਾਂ ਨੂੰ ਫਿਲਮਾਂ 'ਚ ਕਰੀਅਰ ਬਣਾਉਣ ਦੀ ਸਲਾਹ ਦਿੱਤੀ ਸੀ। ਗੋਵਿੰਦਾ ਨੂੰ ਲੋਕ ਇਕ ਅਜਿਹੇ ਐਕਟਰ ਦੇ ਰੂਪ 'ਚ ਜਾਣਦੇ ਹਨ, ਜਿਨ੍ਹਾਂ 'ਚ ਹਰ ਤਰ੍ਹਾਂ ਦੀਆਂ ਫਿਲਮਾਂ (ਕਾਮੇਡੀ, ਲਵ ਸਟੋਰੀ ਜਾਂ ਐਕਸ਼ਨ ਬੇਸਡ ਫਿਲਮਾਂ) ਕਰਨ ਦੀ ਪੂਰੀ ਸਮਰੱਥਾ ਹੈ।
3 ਹਫਤਿਆਂ 'ਚ ਸਾਈਨ ਕੀਤੀਆਂ ਸਨ 49 ਫਿਲਮਾਂ
ਦੱਸ ਦੇਈਏ ਕਿ ਇਕ ਇੰਟਰਵਿਊ ਦੌਰਾਨ ਗੋਵਿੰਦਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਪਣੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤਾਂ 3 ਹਫਤਿਆਂ 'ਚ ਉਨ੍ਹਾਂ ਨੇ ਕੁੱਲ 49 ਫਿਲਮਾਂ ਨੂੰ ਇਕੱਠੀਆਂ ਸਾਇਨ ਕੀਤੀਆਂ ਸਨ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਇਹ ਹਨ ਯਾਦਗਾਰ ਫਿਲਮਾਂ
ਗੋਵਿੰਦਾ ਦੇ ਕਰੀਅਰ ਦੀਆਂ ਕਈ ਚੁਨਿੰਦਾ ਯਾਦਗਾਰ ਫਿਲਮਾਂ ਹਨ, ਜਿਨ੍ਹਾਂ 'ਚ 'ਸਵਰਗ', 'ਖੁਦਗਰਜ਼', 'ਹੀਰੋ ਨੰਬਰ 1', 'ਅੰਟੀ ਨੰਬਰ 1', 'ਦੁੱਲ੍ਹੇ ਰਾਜਾ', 'ਰਾਜਾ ਬਾਬੂ', 'ਆਖੇਂ', 'ਪਾਰਟਨਰ' ਆਦਿ ਫਿਲਮਾਂ ਸ਼ਾਮਲ ਹਨ। ਇਹ ਉਹ ਫਿਲਮਾਂ ਹਨ, ਜੋ ਅੱਜ ਵੀ ਜੇਕਰ ਟੀ. ਵੀ. 'ਤੇ ਆਉਂਦੀਆਂ ਹਨ ਤਾਂ ਹਰ ਕੋਈ ਇਨ੍ਹਾਂ ਨੂੰ ਦੇਖਣਾ ਪਸੰਦ ਕਰਦਾ ਹੈ।
2004 'ਚ ਲੜੀਆਂ ਸਨ ਲੋਕ ਸਭਾ ਚੋਣਾਂ
ਉਨ੍ਹਾਂ ਨੇ ਸਾਲ 2004 'ਚ ਲੋਕ ਸਭਾ ਚੋਣਾਂ ਲੜੀਆਂ ਸਨ ਤੇ ਸਾਂਸਦ ਵੀ ਬਣੇ। ਉਸ ਦੌਰਾਨ ਉਨ੍ਹਾਂ ਨੇ ਆਪਣੇ ਕਾਰਜਕਾਲ 'ਚ ਕਈ ਚੰਗੇ ਕੰਮ ਵੀ ਕੀਤੇ। ਹਾਲਾਂਕਿ ਸਾਲ 2008 'ਚ ਉਨ੍ਹਾਂ ਨੇ ਰਾਜਨੀਤੀ ਨੂੰ ਅਲਵਿਦਾ ਕਹਿ ਦਿੱਤਾ ਸੀ।
ਥੱਪੜ ਕਾਂਡ ਪਹੁੰਚਿਆ ਸੁਪਰੀਮ ਕੋਰਟ
ਸਾਲ 2008 'ਚ ਗੋਵਿੰਦਾ ਵਲੋਂ ਆਪਣੀ ਫਿਲਮ ਦੇ ਸੈੱਟ 'ਤੇ ਇਕ ਫੈਨ ਨੂੰ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੇ ਚੱਲਦਿਆਂ ਸ਼ਖਸ ਨੇ ਕੋਰਟ 'ਚ ਸ਼ਿਕਾਇਤ ਕੀਤੀ। ਹੇਠਲੀ ਅਦਾਲਤ 'ਚ ਕੇਸ ਹਾਰਨ ਤੋਂ ਬਾਅਦ ਫੈਨ ਨੇ ਸੁਪਰੀਮ ਕੋਰਟ 'ਚ ਗੁਹਾਰ ਲਾਈ ਤੇ 7 ਸਾਲ ਬਾਅਦ ਸੁਪਰੀਮ ਕੋਰਟ ਨੇ ਇਸ ਸ਼ਖਸ ਤੋਂ ਗੋਵਿੰਦਾ ਨੂੰ ਮੁਆਫੀ ਮੰਗਣ ਨੂੰ ਕਿਹਾ। ਇਸ ਤੋਂ ਬਾਅਦ ਗੋਵਿੰਦਾ ਨੇ ਫੈਨ ਤੋਂ ਲਿਖਤ ਰੂਪ 'ਚ ਮੁਆਫੀ ਮੰਗੀ ਸੀ।