ਮੁੰਬਈ (ਬਿਊਰੋ) — ਭਾਰਤ ਰਤਨ ਲਤਾ ਮੰਗੇਸ਼ਕਰ ਅੱਜ ਆਪਣਾ 90ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਲਤਾ ਮੰਗੇਸ਼ਕਰ ਦਾ ਜਨਮ 28 ਸਤੰਬਰ 1929 'ਚ ਮੱਧ ਪ੍ਰਦੇਸ਼ ਦੇ ਇੰਦੌਰ 'ਚ ਹੋਇਆ ਸੀ। ਗਾਇਕੀ ਤੋਂ ਇਲਾਵਾ ਲਤਾ ਮੰਗੇਸ਼ਕਰ ਨੇ ਅਭਿਨੈ ਵੀ ਕਰ ਚੁੱਕੇ ਹਨ। ਉਹ ਆਪਣੇ ਪਿਤਾ ਦੇ ਪਲੇ ਭਾਵ ਬੰਧਨ 'ਚ ਅਦਾਕਾਰੀ ਕਰਦੇ ਸਨ। ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਵਲੋਂ ਇਹ ਅਭਿਨੈ ਸਿਰਫ 5 ਸਾਲ ਦੀ ਉਮਰ 'ਚ ਕੀਤਾ ਗਿਆ ਸੀ।
ਲਤਾ ਮੰਗੇਸ਼ਕਰ ਦੇ ਨਾਂ ਪਿੱਛੇ ਇਕ ਦਿਲਚਸਪ ਕਹਾਣੀ ਹੈ। ਬਹੁਤ ਘੱਟ ਲੋਕ ਇਹ ਗੱਲ ਜਾਣਦੇ ਸਨ ਕਿ ਜਨਮ ਦੇ ਸਮੇਂ ਲਤਾ ਦਾ ਨਾਂ ਹੇਮਾ ਰੱਖਿਆ ਗਿਆ ਸੀ। ਬਾਅਦ 'ਚ ਪਿਤਾ ਦੇ ਪਲੇਅ ਵਾਲੇ ਕਿਰਦਾਰ ਲਤਿਕਾ ਦੇ ਨਾਂ ਤੋਂ ਉਨ੍ਹਾਂ ਦਾ ਨਾਂ ਲਤਾ ਹੋ ਗਿਆ, ਜਿੱਥੇ ਤੱਕ ਗੱਲ ਉਨ੍ਹਾਂ ਦੇ ਸਰਨੇਮ ਦੀ ਹੈ ਤਾਂ ਉਨ੍ਹਾਂ ਦਾ ਪਿੰਡ ਮੰਗੇਸ਼ੀ ਦੇ ਨਾਂ ਤੋਂ ਹੈ ਜੋ ਉਨ੍ਹਾਂ ਦਾ ਸਰਨੇਮ ਮੰਗੇਸ਼ਕਰ ਬਣ ਗਿਆ।
ਲਤਾ ਮੰਗੇਸ਼ਕਰ ਨੂੰ ਪਹਿਲੀ ਵਾਰ ਸਟੇਜ 'ਤੇ ਗਾਉਣ ਲਈ 25 ਰੁਪਏ ਮਿਲੇ ਸਨ। ਇਸ ਨੂੰ ਉਹ ਆਪਣੀ ਪਹਿਲੀ ਕਮਾਈ ਮੰਨਦੇ ਸਨ। ਲਤਾ ਨੇ ਪਹਿਲੀ ਵਾਰ 1942 'ਚ ਮਰਾਠੀ ਫਿਲਮ 'ਕਿਤੀ ਹਸਾਲ' ਲਈ ਗੀਤ ਗਾਇਆ ਸੀ। ਲਤਾ ਮੰਗੇਸ਼ਕਰ ਦਾ ਭਰਾ ਹ੍ਰਦਯਨਾਥ ਮੰਗੇਸ਼ਕਰ ਅਤੇ ਉਨ੍ਹਾਂ ਦੀਆਂ ਭੈਣਾ ਉਸ਼ਾ ਮੰਗੇਸ਼ਕਰ, ਮੀਨਾ ਮੰਗੇਸ਼ਕਰ ਅਤੇ ਆਸ਼ਾ ਭੋਂਸਲੇ ਸਭ ਨੇ ਸੰਗੀਤ ਨੂੰ ਆਪਣਾ ਕਰੀਅਰ ਚੁਣਿਆ। ਲਤਾ ਮੰਗੇਸ਼ਕਰ ਨੇ ਕਦੇ ਸਕੂਲੀ ਪੜ੍ਹਾਈ ਨਹੀਂ ਕੀਤੀ।
ਇਕ ਵਾਰ ਜਦੋਂ ਉਹ ਸਕੂਲ 'ਚ ਬੱਚਿਆਂ ਨੂੰ ਸੰਗੀਤ ਸਿਖਾਉਣ ਲੱਗੇ ਤਾਂ ਇਸ ਲਈ ਉਨ੍ਹਾਂ ਨੂੰ ਅਧਿਆਪਕ ਤੋਂ ਝਿੜਕਾਂ ਪਈਆਂ। ਇਸ ਤੋਂ ਬਾਅਦ ਉਨ੍ਹਾਂ ਹਮੇਸ਼ਾ ਲਈ ਸਕੂਲ ਛੱਡ ਦਿੱਤਾ। ਬਾਵਜੂਦ ਇਸ ਦੇ ਉਨ੍ਹਾਂ ਨੂੰ 6 ਵੱਖ-ਵੱਖ ਯੂਨੀਵਰਸਿਟੀਆਂ ਵਲੋਂ ਡਾਕਟੋਰੇਟ ਦੀ ਡਿਗਰੀ ਦਿੱਤੀ ਗਈ। ਸ਼੍ਰੀਧਰ ਮੁਖਰਜੀ ਸਾਲ 1948 'ਚ ਜਦੋਂ ਫਿਲਮ ਸ਼ਹੀਦ ਦੀ ਸ਼ੂਟਿੰਗ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਇਕ ਪਲੇਅਬੈਕ ਸਿੰਗਰ ਦੀ ਜ਼ਰੂਰਤ ਸੀ। ਉਨ੍ਹਾਂ ਲਤਾ ਮੰਗੇਸ਼ਕਰ ਦੀ ਆਵਾਜ਼ ਨੂੰ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਆਵਾਜ਼ ਬਹੁਤ ਪਤਲੀ ਹੈ।
ਇਕ ਇੰਟਰਵਿਊ ਦੌਰਾਨ ਜਦੋਂ ਲਤਾ ਮੰਗੇਸ਼ਕਰ ਨੇ ਕਿਹਾ ਸੀ ਕਿ ਉਹ ਗੁਲਾਮ ਹੈਦਰ ਨੂੰ ਆਪਣਾ ਅਸਲ ਗੌਡਫਾਦਰ ਮੰਨਦੇ ਹਨ ਕਿਉਂਕਿ ਉਨ੍ਹਾਂ ਉਸ ਦੀ ਆਵਾਜ਼ ਨੂੰ ਪਛਾਣਿਆ ਸੀ। ਫਿਲਮਫੇਅਰ ਐਵਾਰਡਜ਼ 'ਚ ਬੈਸਟ ਪਲੇਅਬੈਕ ਸਿੰਗਰ ਲਈ ਕੋਈ ਐਵਾਰਡ ਨਹੀਂ ਦਿੱਤਾ ਜਾਂਦਾ ਸੀ। ਇਸ ਦਾ ਲਤਾ ਮੰਗੇਸ਼ਕਰ ਨੇ ਵਿਰੋਧ ਕੀਤਾ ਸੀ, ਜਿਸ ਤੋਂ ਬਾਅਦ ਸਾਲ 1958 'ਚ ਫਿਲਮਫੇਅਰ ਨੇ ਇਸ ਸ਼੍ਰੇਣੀ ਨੂੰ ਐਵਾਰਡ ਲਿਸਟ 'ਚ ਸ਼ਾਮਿਲ ਕੀਤਾ।