ਜਲੰਧਰ(ਬਿਊਰੋ)- ਵੱਖ-ਵੱਖ ਗੀਤਾਂ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਸਿੰਘ ਬਾਜਵਾ ਉਰਫ ਰਣਜੀਤ ਬਾਵਾ ਅੱਜ ਆਪਣਾ 30ਵਾਂ ਜਨਮ ਦਿਨ ਮਨਾ ਰਹੇ ਹਨ। 'ਜੱਟ ਦੀ ਅਕਲ' ਗੀਤ ਨਾਲ ਪੰਜਾਬੀ ਇੰਡਸਟਰੀ 'ਚ ਕਦਮ ਰੱਖਣ ਵਾਲੇ ਰਣਜੀਤ ਬਾਵਾ ਦੇ ਪਹਿਲੇ ਗੀਤ ਨੂੰ ਦਰਸ਼ਕਾਂ ਵੱਲੋਂ ਕਾਫੀ ਪਿਆਰ ਮਿਲਿਆ।
ਆਓ ਜਾਣਦੇ ਹਾਂ ਰਣਜੀਤ ਸਿੰਘ ਬਾਜਵਾ ਤੋਂ ਰਣਜੀਤ ਬਾਵਾ ਦੇ ਸਫਰ ਬਾਰੇ। ਪੰਜਾਬੀ ਲੋਕ ਗੀਤ 'ਬੋਲ ਮਿੱਟੀ ਦਿਆ ਬਾਵਿਆ' ਗੀਤ ਨੇ ਰਣਜੀਤ ਬਾਵਾ ਨੂੰ ਅਜਿਹੀ ਪਛਾਣ ਦਿੱਤੀ ਕਿ ਉਨ੍ਹਾਂ ਦੇ ਨਾਮ ਦੇ ਨਾਲ ਹੀ ਜੁੜ ਗਿਆ। ਰਣਜੀਤ ਬਾਵਾ ਦੀ ਗਾਇਕੀ ਨੂੰ ਅੱਜ ਹਰ ਕੋਈ ਸੁਣਦਾ ਹੈ ਅਤੇ ਪਸੰਦ ਕਰਦਾ ਹੈ।
ਰਣਜੀਤ ਬਾਵਾ ਦੀ ਪਹਿਲੀ ਐਲਬਮ ਦਾ ਨਾਮ ਵੀ 'ਮਿੱਟੀ ਦਾ ਬਾਵਾ' ਸੀ ਜਿਸ ਦੇ ਗੀਤਾਂ ਦੀ ਚਰਚਾ ਅੱਜ ਵੀ ਉਸੇ ਤਰਾਂ ਹੁੰਦੀ ਹੈ। ਗੁਰਦਾਸਪੁਰ ਦੇ ਪਿੰਡ ਗ੍ਰੰਥੀਆਂ ਦੇ ਇਸ ਗੱਭਰੂ ਨੇ ਪੰਜਾਬੀ ਫਿਲਮਾਂ 'ਚ ਵੀ ਕਾਫੀ ਨਾਮ ਖੱਟਿਆ ਹੈ ਅਤੇ ਕਈ ਸੁਪਰ ਹਿੱਟ ਫਿਲਮਾਂ ਪੰਜਾਬੀਆਂ ਨੂੰ ਦੇ ਚੁੱਕੇ ਹਨ।
ਜਿੰਨ੍ਹਾਂ 'ਚ ਹਾਸਰਸ ਨਾਲ ਭਰੀਆਂ ਅਤੇ ਤੂਫਾਨ ਸਿੰਘ ਵਰਗਿਆਂ ਸੂਰਮਿਆਂ ਦੀ ਜ਼ਿੰਦਗੀ 'ਤੇ ਆਧਾਰਿਤ ਫਿਲਮਾਂ ਵੀ ਸ਼ਾਮਿਲ ਹਨ। ਫਿਲਮ 'ਤੂਫਾਨ ਸਿੰਘ' ਨਾਲ ਫਿਲਮੀ ਦੁਨੀਆਂ 'ਚ ਕਦਮ ਰੱਖਣ ਵਾਲੇ ਰਣਜੀਤ ਬਾਵਾ ਦੀ ਅਦਾਕਾਰੀ ਦੇਖ ਉਨ੍ਹਾਂ ਦੇ ਹੁਨਰ ਦੀ ਝਲਕ ਸਾਫ ਦਿਖਾਈ ਦਿੰਦੀ ਹੈ।
ਇਸ ਤੋਂ ਬਾਅਦ ਫਿਲਮੀ ਦੁਨੀਆਂ 'ਚ ਉਨ੍ਹਾਂ ਦਾ ਸਫਰ ਕਾਮਯਾਬੀ ਵੱਲ ਹੀ ਵਧਦਾ ਗਿਆ। 'ਸਰਵਣ', 'ਵੇਖ ਬਰਾਤਾਂ ਚੱਲੀਆਂ', 'ਭਲਵਾਨ ਸਿੰਘ', 'ਖਿੱਦੋ ਖੂੰਡੀ', 'ਮਿਸਟਰ ਐਂਡ ਮਿਸਿਜ਼ 420 ਰਿਟਰਨਜ਼' ਅਤੇ ਇਸੇ ਸਾਲ ਆਈ ਫਿਲਮ 'ਹਾਈ ਐਂਡ ਯਾਰੀਆਂ' 'ਚ ਰਣਜੀਤ ਬਾਵਾ ਦੀ ਅਦਾਕਾਰੀ ਦੀਆਂ ਤਰੀਫਾਂ ਹੀ ਹੁੰਦੀਆਂ ਆ ਰਹੀਆਂ ਹਨ।
ਇਸ ਦੇ ਨਾਲ ਹੀ ਰਣਜੀਤ ਬਾਵਾ ਨੇ ਆਪਣੇ ਜਨਮ ਦਿਨ 'ਤੇ ਉਸ ਸ਼ਖਸ ਦਾ ਧੰਨਵਾਦ ਕੀਤਾ ਹੈ ਜਿਸ ਸਦਕਾ ਉਨ੍ਹਾਂ ਨੇ ਇਸ ਦੁਨੀਆਂ 'ਚ ਕਦਮ ਰੱਖਿਆ ਹੈ। ਜੀ ਹਾਂ ਰਣਜੀਤ ਬਾਵਾ ਨੇ ਸ਼ੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਇਸ ਦੇ ਨਾਲ ਹੀ ਲਿਖਿਆ ਹੈ,''ਧੰਨਵਾਦ ਮਾਂ ਇਹ ਦੁਨੀਆਂ ਦਿਖਾਉਣ ਲਈ।''