ਜਲੰਧਰ— ਪੰਜਾਬੀ ਸਿਨੇਮਾ ਦੀ ਸ਼ਾਨ ਬਣ ਦੇਸ਼ਾਂ-ਵਿਦੇਸ਼ਾਂ 'ਚ ਪ੍ਰਸਿੱਧੀ ਖੱਟਣ ਵਾਲੀ ਨਾਮੀ ਅਦਾਕਾਰਾ ਸਰਗੁਣ ਮਹਿਤਾ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 6 ਸਤੰਬਰ 1988 ਨੂੰ ਚੰਡੀਗੜ੍ਹ 'ਚ ਹੋਇਆ ਸੀ। ਸਾਰਗੁਣ ਮਹਿਤਾ ਟੀ. ਵੀ. ਤੇ ਮਾਡਲਿੰਗ ਦੀ ਦੁਨੀਆ 'ਚ ਵੀ ਕੰਮ ਕਰ ਚੁੱਕੀ ਹੈ। ਅਦਾਕਾਰੀ ਦੀ ਜ਼ਿੰਦਗੀ ਵਿੱਚ ਉਸ ਵੇਲੇ ਵੱਡਾ ਮੋੜ ਆਇਆ ਜਦੋਂ ਉਸ ਨੂੰ ਪੰਜਾਬੀ ਫ਼ਿਲਮ 'ਅੰਗਰੇਜ' ਵਿੱਚ ਕੰਮ ਕਰਨ ਦਾ ਮੌਕਾ ਮਿਲਿਆ।
ਇਸ ਫ਼ਿਲਮ ਦੀ ਸਫ਼ਲਤਾ ਨੇ ਸਰਗੁਣ ਲਈ ਪੰਜਾਬੀ ਸਿਨਮਾ ਵਿੱਚ ਨਵੇਂ ਰਾਹ ਖੋਲ੍ਹ ਦਿੱਤੇ। ਫਿਰ 'ਲਵ ਪੰਜਾਬ' ਅਤੇ 'ਜਿੰਦੂਆ' ਵਰਗੀਆਂ ਫ਼ਿਲਮਾਂ ਨੇ ਉਸ ਨੂੰ ਪੰਜਾਬੀ ਫ਼ਿਲਮਸਾਜ਼ੀ ਵਿੱਚ ਪੱਕੇ ਪੈਰੀਂ ਕਰ ਦਿੱਤਾ। ਸਰਗੁਣ ਦੀ ਚੌਥੀ ਪੰਜਾਬੀ ਫ਼ਿਲਮ 'ਲਾਹੌਰੀਏ' ਸੀ।
ਗੱਲਬਾਤ ਦੌਰਾਨ ਸਰਗੁਣ ਮਹਿਤਾ ਨੇ ਆਪਣੀਆਂ ਕੁਝ ਗੱਲਾਂ ਸਾਂਝੀਆਂ ਕਰਦੇ ਹੋਏ ਕਿਹਾ, 'ਅਜੋਕਾ ਪੰਜਾਬੀ ਸਿਨਮਾ ਸਥਿਰਤਾ ਵਾਲੀ ਸਥਿਤੀ ਵਿੱਚ ਆ ਚੁੱਕਿਆ ਹੈ ਅਤੇ ਵੱਡੀ ਗਿਣਤੀ ਵਿੱਚ ਫ਼ਿਲਮਾਂ ਬਣ ਰਹੀਆਂ ਹਨ ਅਤੇ ਉਨ੍ਹਾਂ ਦੀ ਸਫ਼ਲਤਾ ਦੀ ਦਰ ਵੀ ਬਹੁਤ ਚੰਗੀ ਹੈ।
ਦੂਸਰੀ ਗੱਲ ਮੇਰਾ ਪਿਛੋਕੜ ਪੰਜਾਬੀ ਹੋਣ ਕਰਕੇ ਵੀ ਮੈਨੂੰ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਨਾ ਚੰਗਾ ਅਤੇ ਸਹਿਜ ਲੱਗਦਾ ਹੈ। ਤੀਸਰੀ ਗੱਲ ਜਦੋਂ ਸਫ਼ਲਤਾ ਮਿਲਦੀ ਹੈ ਤਾਂ ਕੰਮ ਕਰਨ ਦਾ ਮਜ਼ਾ ਆਪਣੇ-ਆਪ ਆਉਣਾ ਸ਼ੁਰੂ ਹੋ ਜਾਂਦਾ ਹੈ।' ਅੱਗੇ ਗੱਲਬਾਤ ਦੌਰਾਨ ਦੱਸਿਆ ਕਿ, ਪੰਜਾਬੀ ਸਿਨਮਾ ਲਈ ਸਭ ਤੋਂ ਵੱਡੀ ਚੁਣੌਤੀ ਬਾਲੀਵੁੱਡ ਹੀ ਹੈ।
ਪੰਜਾਬੀ ਫ਼ਿਲਮਾਂ ਨੂੰ ਹਿੰਦੀ ਫ਼ਿਲਮਾਂ ਦੀ ਤਰਜ਼ 'ਤੇ ਫ਼ਿਲਮਾਂ ਬਣਾਉਣ ਦੀ ਬਜਾਏ ਪੰਜਾਬੀ ਰਹਿਤਲ ਵਾਲੀਆਂ ਫ਼ਿਲਮਾਂ ਬਣਾਉਣੀਆਂ ਚਾਹੀਦੀਆਂ ਹਨ। ਹੁਣ ਤਕ ਜਿੰਨੀਆਂ ਵੀ ਪੰਜਾਬੀਅਤ ਦੀ ਸਹੀ ਤਸਵੀਰ ਪੇਸ਼ ਕਰਨ ਵਾਲੀਆਂ ਫ਼ਿਲਮਾਂ ਬਣੀਆਂ ਹਨ, ਉਨ੍ਹਾਂ ਨੂੰ ਸਫ਼ਲਤਾ ਵੀ ਮਿਲੀ ਹੈ।
ਇਸ ਕਰਕੇ ਤਕਨੀਕੀ ਉੱਤਮਤਾ ਲਈ ਬਾਲੀਵੁੱਡ ਜਾਂ ਹਾਲੀਵੁੱਡ ਦੀ ਰੀਸ ਕਰਨੀ ਬਣਦੀ ਹੈ, ਪਰ ਵਿਸ਼ੇ ਪੱਖੋਂ ਪੰਜਾਬੀ ਖਿੱਤੇ ਦਾ ਬਹੁਤ ਕੁਝ ਵੱਡੇ ਪਰਦੇ ਦਾ ਸ਼ਿੰਗਾਰ ਬਣਨ ਦੇ ਸਮਰੱਥ ਹੈ।