ਜਲੰਧਰ (ਬਿਊਰੋ) — ਗੁਰਸੇਵਕ ਮਾਨ ਦਾ ਬੀਤੇ ਦਿਨ ਜਨਮਦਿਨ ਮਨਾਇਆ, ਜਿਸ ਮੌਕੇ ਉਨ੍ਹਾਂ ਦਾ ਸਾਰਾ ਪਰਿਵਾਰ ਇੱਕਠਾ ਨਜ਼ਰ ਆਇਆ ਅਤੇ ਬਰਥਡੇ ਦਾ ਜਸ਼ਨ ਵੀ ਮਨਾਇਆ। ਇਸ ਮੌਕੇ ਗੁਰਸੇਵਕ ਮਾਨ ਦੇ ਵੱਡੇ ਭਰਾ ਅਤੇ ਗਾਇਕ ਹਰਭਜਨ ਮਾਨ ਨੇ ਜਸ਼ਨ ਦੀ ਵੀਡੀਓ ਸਰੋਤਿਆਂ ਨਾਲ ਸਾਂਝੀ ਕੀਤੀ। ਇਸ ਵੀਡੀਓ 'ਚ ਸਾਰਾ ਪਰਿਵਾਰ ਗੁਰਸੇਵਕ ਮਾਨ ਦੇ ਜਨਮਦਿਨ 'ਤੇ ਇੱਕਤਰ ਹੋਇਆ ਹੈ ਅਤੇ ਹਰਭਜਨ ਮਾਨ ਨੇ ਛੋਟੇ ਭਰਾ ਦੇ ਜਨਮਦਿਨ 'ਤੇ ਨਾਂ ਸਿਰਫ ਉਨ੍ਹਾਂ ਨੂੰ ਵਧਾਈ ਦਿੱਤੀ ਸਗੋਂ ਗਾਇਕੀ 'ਚ ਉਨ੍ਹਾਂ ਦੇ ਸਹਿਯੋਗ ਬਾਰੇ ਵੀ ਦੱਸਿਆ ਕਿ ਕਿਸ ਤਰ੍ਹਾਂ ਗੁਰਸੇਵਕ ਨੇ ਗਾਇਕੀ 'ਚ ਉਨ੍ਹਾਂ ਦਾ ਸਾਥ ਦਿੱਤਾ।
ਇਸ ਮੌਕੇ ਹਰਭਜਨ ਮਾਨ ਅਤੇ ਪੂਰਾ ਪਰਿਵਾਰ ਹਾਸਾ ਠੱਠਾ ਕਰਦੇ ਵੀ ਨਜ਼ਰ ਆਏ। ਹਰਭਜਨ ਮਾਨ ਨੇ ਸਰੋਤਿਆਂ ਦਾ ਗੁਰਸੇਵਕ ਦੇ ਜਨਮਦਿਨ 'ਤੇ ਵਧਾਈਆਂ 'ਤੇ ਦੁਆਵਾਂ ਦੇਣ ਲਈ ਸ਼ੁਕਰੀਆ ਅਦਾ ਵੀ ਕੀਤਾ। ਹਰਭਜਨ ਮਾਨ ਨੇ ਵੀਡੀਓ 'ਚ ਕਿਹਾ ਕਿ ਸੰਗੀਤ 'ਚ ਮੈਨੂੰ ਇਸ ਮੁਕਾਮ 'ਤੇ ਪਹੁੰਚਾਉਣ 'ਚ ਗੁਰਸੇਵਕ ਦਾ ਵੱਡਾ ਹੱਥ ਹੈ ਤੇ ਮੈਨੂੰ ਬੁਲੰਦੀਆਂ 'ਤੇ ਪਹੁੰਚਾਉਣ ਦਾ। ਅਸੀਸਾਂ ਅਤੇ ਦੁਆਵਾਂ ਤੋਂ ਵੱਧ ਕੇ ਕੁਝ ਵੀ ਨਹੀਂ, ਸਮਝੋ ਤਾਂ ਇਨ੍ਹਾਂ ਦੁਆਵਾਂ 'ਚ ਬਹੁਤ ਕੁਝ ਹੁੰਦਾ ਹੈ।
ਦੱਸ ਦਈਏ ਕਿ ਗਾਇਕ ਹਰਭਜਨ ਮਾਨ ਦੇ ਭਰਾ ਗੁਰਸੇਵਕ ਮਾਨ ਕਮਰਸ਼ੀਅਲ ਪਾਇਲਟ ਹਨ ਪਰ ਇਸ ਦੇ ਬਾਵਜੂਦ ਉਹ ਗਾਇਕੀ 'ਚ ਉਹੀ ਰੁਤਬਾ ਰੱਖਦੇ ਹਨ, ਜਿੰਨਾਂ ਕਿ ਹਰਭਜਨ ਮਾਨ ਰੱਖਦੇ ਹਨ ਕਿਉਂਕਿ ਗੁਰਸੇਵਕ ਮਾਨ ਤੇ ਹਰਭਜਨ ਮਾਨ ਨੇ ਇੱਕਠੇ ਹੀ ਗਾਇਕੀ ਦੇ ਗੁਰ ਸਿੱਖੇ ਸਨ। ਗੁਰਸੇਵਕ ਮਾਨ ਨੇ ਕਈ ਗੀਤ ਵੀ ਗਾ ਚੁੱਕੇ ਹਨ, ਜਿਹੜੇ ਕਿ ਸੁਪਰ ਹਿੱਟ ਰਹੇ ਹਨ ਪਰ ਕਮਰਸ਼ੀਅਲ ਪਾਇਲਟ ਬਣਨਾ ਉਨ੍ਹਾਂ ਦੇ ਬਚਪਨ ਦਾ ਹੀ ਸੁਪਨਾ ਸੀ। ਇਸੇ ਲਈ ਉਹ ਗਾਇਕੀ 'ਚ ਘੱਟ ਤੇ ਜ਼ਹਾਜ ਉਡਾਉਂਦੇ ਜ਼ਿਆਦਾ ਨਜ਼ਰ ਆਉਂਦੇ ਹਨ।