FacebookTwitterg+Mail

ਆਪਣੀ ਮਾਂ ਦੇ ਕਹਿਣ 'ਤੇ 'ਸ਼ੇਰਨੀ' ਬਣੀ ਹਾਰਡ ਕੌਰ (ਵੀਡੀਓ)

31 July, 2016 04:46:19 PM
ਜਲੰਧਰ— ਪੰਜਾਬੀ ਫਿਮੇਲ ਰੈਪਰ ਹਾਰਡ ਕੌਰ ਆਪਣਾ ਨਵਾਂ ਸਿੰਗਲ ਟਰੈਕ 'ਸ਼ੇਰਨੀ' ਲੈ ਕੇ ਆਈ ਹੈ। ਹਾਰਡ ਕੌਰ ਦਾ ਗਾਣਾ 'ਸ਼ੇਰਨੀ' ਮੁੱਖ ਤੌਰ 'ਤੇ ਮਹਿਲਾ ਸਸ਼ਕਤੀਕਰਨ 'ਤੇ ਆਧਾਰਿਤ ਹੈ। ਇਸ ਗਾਣੇ ਨੂੰ ਲੈ ਕੇ ਅਸੀਂ ਹਾਰਡ ਕੌਰ ਨਾਲ ਖਾਸ ਗੱਲਬਾਤ ਕੀਤੀ, ਜੋ ਇਸ ਤਰ੍ਹਾਂ ਹੈ—
ਸਵਾਲ : ਹਾਰਡ ਕੌਰ ਦੀ ਜ਼ਿੰਦਗੀ ਨਾਲ ਕਿੰਨਾ ਕੁ ਜੁੜਿਆ ਹੈ 'ਸ਼ੇਰਨੀ' ਗੀਤ
ਜਵਾਬ : ਮੇਰਾ ਮੰਨਣਾ ਹੈ ਕਿ ਕੁੜੀਆਂ ਨਾਲ ਭੇਦਭਾਵ ਕਾਫੀ ਜਗ੍ਹਾ ਹੁੰਦਾ ਹੈ, ਫਿਰ ਭਾਵੇਂ ਉਹ ਦਫਤਰ ਹੋਵੇ ਜਾਂ ਕੋਈ ਥਾਂ। ਕੁੜੀਆਂ ਤੇ ਮੁੰਡੇ ਜੇਕਰ ਇਕੋ ਜਗ੍ਹਾ 'ਤੇ ਕੰਮ ਕਰਦੇ ਹਨ ਤਾਂ ਕੁੜੀਆਂ ਨੂੰ ਮੁੰਡਿਆਂ ਦੇ ਮੁਕਾਬਲੇ ਘੱਟ ਪੈਸੇ ਮਿਲਦੇ ਹਨ। ਕੁੜੀਆਂ ਨੂੰ ਆਪਣੇ ਹੱਕ ਲਈ ਖੜ੍ਹੇ ਹੋਣ ਦੀ ਲੋੜ ਹੈ। ਕੁੜੀਆਂ ਨੂੰ ਉਨ੍ਹਾਂ ਦੇ ਕੱਪੜਿਆਂ ਤੋਂ ਜੱਜ ਕੀਤਾ ਜਾਂਦਾ ਹੈ, ਜੋ ਕਿ ਗਲਤ ਹੈ। ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਹਨ, ਜਿਨ੍ਹਾਂ ਕਰਕੇ ਮੈਨੂੰ ਲੱਗਿਆ ਕਿ ਇਹ ਗਾਣਾ ਬਣਾਉਣਾ ਚਾਹੀਦਾ ਹੈ। ਅੱਜਕਲ ਦੇ ਸਮੇਂ 'ਚ ਜਬਰ-ਜ਼ਨਾਹ, ਅਸ਼ਲੀਲ ਟਿੱਪਣੀਆਂ ਤੇ ਹੋਰ ਵੀ ਬਦਸਲੂਕੀਆਂ ਕਰਕੇ ਕੁੜੀਆਂ ਨੂੰ ਅਪਮਾਨਿਤ ਕੀਤਾ ਜਾਂਦਾ ਹੈ। ਇਹ ਬਿਲਕੁਲ ਸਹੀ ਸਮਾਂ ਸੀ, ਜਿਸ ਸਮੇਂ 'ਸ਼ੇਰਨੀ' ਆਉਣਾ ਚਾਹੀਦਾ ਸੀ ਤੇ ਪੂਰੀ ਦੁਨੀਆ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਰੀਆਂ ਕੁੜੀਆਂ ਸ਼ੇਰਨੀਆਂ ਹਨ।
ਸਵਾਲ : ਗਾਣੇ ਦੀ ਵੀਡੀਓ 'ਚ ਕੁੜੀਆਂ ਦਾ ਜ਼ਿਆਦਾ ਜ਼ੋਰ ਦਿਖ ਰਿਹਾ ਹੈ, ਕੀ ਇਹ ਥੀਮ ਪਹਿਲਾਂ ਤੋਂ ਹੀ ਸੋਚ ਰੱਖੀ ਸੀ?
ਜਵਾਬ : ਮੈਂ ਨਹੀਂ ਸੋਚਿਆ ਸੀ ਕਿ ਸਿਰਫ ਕੁੜੀਆਂ ਦੇ ਨਾਲ ਹੀ ਮੈਂ ਇਸ ਵੀਡੀਓ ਨੂੰ ਸ਼ੂਟ ਕਰਾਂਗੀ ਪਰ ਜਦੋਂ ਗਾਣਾ ਲਿਖਿਆ ਗਿਆ ਫਿਰ ਮੈਨੂੰ ਇਸ ਗਾਣੇ 'ਚ ਇਸ ਤਰ੍ਹਾਂ ਦੀ ਵੀਡੀਓ ਨੂੰ ਕਰਨ ਦਾ ਵਿਚਾਰ ਆਇਆ। ਮੇਰਾ ਮਕਸਦ ਅਸਲ ਹਿਪ-ਹੌਪ ਨੂੰ ਦਿਖਾਉਣਾ ਵੀ ਸੀ। ਇਸ ਗਾਣੇ ਨੂੰ ਲੈ ਕੇ ਕੋਈ ਵੀ ਹਾਮੀ ਨਹੀਂ ਭਰ ਰਿਹਾ ਸੀ। ਹਰ ਕੋਈ ਅੱਜਕਲ ਦੇ ਗਾਣਿਆਂ 'ਚ ਕਮਾਈ ਦੇ ਜ਼ਰੀਏ ਨੂੰ ਲੱਭਦਾ ਹੈ। ਫਿਰ ਮੈਂ ਸੋਚਿਆ ਕਿ ਮੈਂ ਖੁਦ ਹੀ ਇਸ ਗਾਣੇ ਨੂੰ ਪ੍ਰੋਡਿਊਸ ਕਰਨਾ ਹੈ। ਇਸ ਗੀਤ ਨੂੰ ਫਿਊਚਰ ਰਿਕਾਰਡਸ ਦੇ ਨਾਂ ਨਾਲ ਫਿਰ ਮੈਂ ਪ੍ਰੋਡਿਊਸ ਕੀਤਾ। ਮੈਂ ਕਿਸੇ ਚੈਨਲ ਕੋਲ ਜਾਣ ਦੀ ਬਜਾਏ ਇਸ ਗੀਤ ਨੂੰ ਸੋਸ਼ਲ ਮੀਡੀਆ 'ਤੇ ਹੀ ਰਿਲੀਜ਼ ਕੀਤਾ ਤੇ ਨਾਲ ਹੀ ਮੇਰੀ ਮਾਂ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਇਹੀ ਸਮਾਂ ਹੈ ਕਿ ਮੈਂ ਦੁਨੀਆ ਨੂੰ ਦਿਖਾ ਸਕਾਂ ਕਿ ਇਹੀ ਹੈ ਅਸਲ ਹਿਪ-ਹੌਪ।
ਸਵਾਲ : ਤੁਹਾਡਾ ਸਟਾਈਲ ਸਟੇਟਮੈਂਟ ਕਾਫੀ ਵੱਖਰਾ ਹੈ। ਕੀ ਤੁਸੀਂ ਵੀ ਕੋਈ ਆਪਣਾ ਬਰੈਂਡ ਲੈ ਕੇ ਆਉਣ ਬਾਰੇ ਸੋਚ ਰਹੇ ਹੋ?
ਜਵਾਬ : ਮੈਨੂੰ ਬਹੁਤ ਸਾਰੇ ਲੋਕਾਂ ਨੇ ਮੇਰੀ ਫੈਸ਼ਨ ਸਟੇਟਮੈਂਟ ਨੂੰ ਲੈ ਕੇ ਇਸ ਚੀਜ਼ ਬਾਰੇ ਉਤਸ਼ਾਹਿਤ ਕੀਤਾ ਹੈ। ਮੈਂ ਇਸ ਸਮੇਂ 'ਵਨ ਵੂਮੈਨ ਆਰਮੀ' ਹਾਂ ਤੇ ਮੈਂ ਬਹੁਤ ਕੁਝ ਕਰਨ ਬਾਰੇ ਸੋਚ ਵੀ ਰਹੀ ਹਾਂ। ਮੈਂ ਮਿਊਜ਼ਿਕ ਡਾਇਰੈਕਟਰ, ਫਿਲਮ ਡਾਇਰੈਕਟਰ, ਖੁਦ ਮੈਨੇਜਰ ਵੀ ਹਾਂ ਤੇ ਇਸ ਤੋਂ ਇਲਾਵਾ ਵੀ ਬਹੁਤ ਕੁਝ ਕਰ ਰਹੀ ਹਾਂ ਤੇ ਜੇਕਰ ਮੈਨੂੰ ਮੌਕਾ ਮਿਲਦਾ ਹੈ ਤਾਂ ਹਾਂ ਮੈਂ ਜ਼ਰੂਰ ਇਸ ਬਾਰੇ ਸੋਚਾਂਗੀ।
ਸਵਾਲ : ਅੱਜਕਲ ਦੇ ਗੀਤਾਂ 'ਚ ਮਹਿੰਗੀਆਂ ਗੱਡੀਆਂ ਤੇ ਦਿਖਾਵੇਬਾਜ਼ੀ ਨੂੰ ਵਧ-ਚੜ੍ਹ ਕੇ ਦਿਖਾਇਆ ਜਾਂਦਾ ਹੈ। ਇਸ ਬਾਰੇ ਤੁਹਾਡਾ ਕੀ ਵਿਚਾਰ ਹੈ?
ਜਵਾਬ : ਸਾਨੂੰ ਇਸ ਤਰ੍ਹਾਂ ਦੇ ਗੀਤਾਂ ਦੀ ਲੋੜ ਨਹੀਂ ਹੈ। ਲੋਕਾਂ ਨੂੰ ਅਜਿਹੇ ਮੁੱਦੇ ਦਿਖਾਏ ਜਾਣ ਦੀ ਲੋੜ ਹੈ, ਜਿਹੜੇ ਸਾਡੇ ਆਲੇ-ਦੁਆਲੇ ਹੋ ਰਹੇ ਹਨ। ਮੈਂ ਇਸ ਸਭ ਨੂੰ ਦੇਖਦਿਆਂ ਹੀ 'ਸ਼ੇਰਨੀ' ਗੀਤ ਕੀਤਾ ਹੈ, ਜਿਸ 'ਚ ਮੈਂ ਕੋਈ ਮਹਿੰਗੀ ਗੱਡੀ ਜਾਂ ਦਿਖਾਵੇਬਾਜ਼ੀ ਨਹੀਂ ਕੀਤੀ। ਮੈਂ ਉਮੀਦ ਕਰਦੀ ਹਾਂ ਕਿ ਇਹੋ-ਜਿਹੀਆਂ ਚੀਜ਼ਾਂ ਨੂੰ ਹੀ ਅੱਗੇ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂ।
ਹਾਰਡ ਕੌਰ ਨੇ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ 'ਚ ਵੀ ਕਾਫੀ ਹਿੱਟ ਰੈਪ ਸੌਂਗ ਦਿੱਤੇ ਹਨ, ਜਿਨ੍ਹਾਂ 'ਚ 'ਸਿੰਘ ਇਜ਼ ਕਿੰਗ', 'ਬਚਨਾ ਏ ਹਸੀਨੋਂ', 'ਲੌਂਗ ਦਾ ਲਿਸ਼ਕਾਰਾ', 'ਚਾਰ ਬਝ ਗਏ' ਵਰਗੇ ਗੀਤ ਪ੍ਰਮੁੱਖ ਤੌਰ 'ਤੇ ਸ਼ਾਮਲ ਹਨ। ਹਾਰਡ ਕੌਰ ਨੂੰ ਰੈਪ ਕਰਦੇ 21 ਸਾਲ ਹੋ ਗਏ ਹਨ ਤੇ ਹੁਣ ਹਾਰਡ ਕੌਰ ਬਤੌਰ ਮਿਊਜ਼ਿਕ ਡਾਇਰੈਕਟਰ ਕੰਮ ਕਰਨਾ ਚਾਹੁੰਦੀ ਹੈ, ਜਿਸ 'ਚ ਉਹ ਨਵੇਂ ਟੈਲੇਂਟ ਨੂੰ ਹੁੰਗਾਰਾ ਦੇਵੇਗੀ।
—ਹਰਲੀਨ ਕੌਰ

Tags: ਹਾਰਡ ਕੌਰ ਸ਼ੇਰਨੀ Hard Kaur Sherni