ਜਲੰਧਰ— ਬੇਮਿਸਾਲ ਗਾਇਕੀ ਦੇ ਨਾਲ-ਨਾਲ ਸ਼ਾਨਦਾਰ ਅਭਿਨੈ ਨਾਲ ਇੰਡਸਟਰੀ 'ਚ ਵੱਖਰੀ ਜਗ੍ਹਾ ਬਣਾਉਣ ਵਾਲੇ ਹਾਰਡੀ ਸੰਧੂ ਦਾ ਅੱਜ 31ਵਾਂ ਜਨਮਦਿਨ ਹੈ। ਉਨ੍ਹਾਂ ਦਾ ਜਨਮ 6 ਸਤੰਬਰ 1986 ਨੂੰ ਪਟਿਆਲੇ 'ਚ ਹੋਇਆ। ਬਹੁਤ ਘੱਟ ਲੋਕ ਜਾਣਦੇ ਹਨ ਕਿ ਹਾਰਡੀ ਦਾ ਪੂਰਾ ਨਾਂ ਹਰਦਵਿੰਦਰ ਸਿੰਘ ਸੰਧੂ ਹੈ। ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਹਾਰਡੀ ਬਾਲੀਵੁੱਡ ਇੰਡਸਟਰੀ 'ਚ ਖਾਸ ਪਛਾਣ ਬਣਾ ਚੁੱਕੇ ਹਨ।
ਉਨ੍ਹਾਂ ਨੇ ਬਾਲੀਵੁੱਡ ਫਿਲਮ ਤੁੰਮ ਬਿਨ 2' 'ਚ 'ਤੇਰੇ ਨਾਲ ਨੱਚਣ ਨੂੰ ਜੀਅ ਕਰਦਾ' ਗਾ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਗੀਤ 'ਸੋਚ' ਨੂੰ ਵੀ ਅਕਸ਼ੇ ਦੀ ਫਿਲਮ 'ਏਅਰਲਿਫਟ' 'ਚ ਲੈ ਚੁੱਕੇ ਹਨ। ਜਾਣਕਾਰੀ ਮੁਤਾਬਕ ਤੁਹਾਨੂੰ ਇਹ ਜਾਣ ਕੇ ਬੇਹੱਦ ਹੈਰਾਨੀ ਹੋਵੇਗੀ ਕਿ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2005 'ਚ ਕ੍ਰਿਕਟਰ ਵਜੋਂ ਕੀਤੀ ਸੀ। ਉਹ ਪੰਜਾਬ ਲਈ ਖੇਡ ਚੁੱਕੇ ਹਨ।
ਉਨ੍ਹਾਂ ਨੇ ਸਿਰਫ 3 ਮੈਚ ਖੇਡੇ, ਜਿਸ ਦੌਰਾਨ ਉਨ੍ਹਾਂ ਨੇ 12 ਵਿਕਟਾਂ ਲਈਆਂ ਸਨ। ਇਸੇ ਦੌਰਾਨ ਉਨ੍ਹਾਂ ਦੇ ਡੂੰਗੀ ਸੱਟ ਲੱਗ ਗਈ, ਜਿਸ ਦੀ ਰਿਕਵਰੀ ਨਾ ਹੋਣ ਕਾਰਨ ਉਨ੍ਹਾਂ ਨੂੰ ਕ੍ਰਿਕਟ ਛੱਡਣਾ ਪਿਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਧਿਆਨ ਕ੍ਰਿਕਟ ਤੋਂ ਹਟਾ ਕੇ ਗਾਇਕੀ 'ਚ ਲਾਇਆ ਅਤੇ ਗਾਇਕੀ ਬਾਰੇ ਗਿਆਨ ਲੈਣਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਦਾ ਕ੍ਰਿਕਟ ਦਾ ਸੁਪਨਾ ਤਾਂ ਪੂਰਾ ਨਾ ਹੋ ਸਕਿਆ ਪਰ ਉਨ੍ਹਾਂ ਨੇ ਗਾਇਕੀ ਦੇ ਖੇਤਰ 'ਚ ਕਾਫੀ ਨਾਂ ਕਮਾਇਆ ਹੈ। ਉਨ੍ਹਾਂ ਨੇ ਗਾਇਕੀ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ 2012 'ਚ ਆਈ ਐਲਬਮ 'ਟਕੀਲਾ ਸ਼ਾਰਟ' ਨਾਲ ਕੀਤੀ ਸੀ। ਇਸ ਤੋਂ ਬਾਅਦ 2016 'ਚ ਆਈ 'ਮੇਰਾ ਯਾਰ ਐੱਨ. ਆਰ. ਆਈ' 'ਚ ਆਪਣੀ ਅਦਾਕਾਰੀ ਦੇ ਜਲਵੇ ਦਿਖਾ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਹਾਰਡੀ ਸੰਧੂ 'ਸੋਚ' ਲਈ 'ਮੋਸਟ ਪਾਪੁਲਰ ਸਾਂਗ' ਦਾ ਖਿਤਾਬ ਵੀ ਜਿੱਤ ਚੁੱਕੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ 'ਪਹਿਲੀ ਗੋਲੀ', 'ਕੁੜੀ ਤੂੰ ਪਟਾਕਾ', 'ਆਸ਼ਿਕੀ 'ਤੇ ਲੋਨ', 'ਸਾਹ', 'ਨਾ ਜੀ ਨਾ' ਅਤੇ ਹੁਣੇ ਜਿਹੇ ਰਿਲੀਜ਼ ਹੋਏ ਗੀਤ 'ਹਾਰਨ ਬਲੋਅ' ਅਤੇ 'ਬੈਕ ਬੋਨ' ਨਾਲ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ ਅਤੇ ਲੋਕਾਂ ਦੇ ਦਿਲਾਂ 'ਚ ਇਕ ਖਾਸ ਜਗ੍ਹਾ ਬਣਾਈ ਹੈ।