FacebookTwitterg+Mail

ਦੋਸਤੀ, ਪਿਆਰ, ਹਾਸਾ-ਠੱਠਾ ਤੇ ਮਜਬੂਰੀਆਂ 'ਤੇ ਆਧਾਰਿਤ ਹੈ 'ਹਾਈ ਐਂਡ ਯਾਰੀਆਂ'

high end yaariyan is a film of three best friends
14 February, 2019 07:28:41 PM

ਜਲੰਧਰ (ਬਿਊਰੋ)— ਨਵੇਂ ਸਾਲ ਦਾ ਆਗਾਜ਼ ਚੰਗੀਆਂ ਫਿਲਮਾਂ ਨਾਲ ਹੋ ਰਿਹਾ ਹੈ, ਜੋ ਪੰਜਾਬੀ ਸਿਨੇਮੇ ਦੇ ਸੁਹਜ-ਸੁਆਦ 'ਚ ਆ ਰਹੇ ਸਾਰਥਕ ਪਰਿਵਤਨ ਦਾ ਪ੍ਰਤੀਕ ਹੈ। ਪੰਕਜ ਬਤਰਾ ਪੰਜਾਬੀ ਸਿਨੇਮੇ ਲਈ ਇਕ ਜਾਣਿਆ-ਪਛਾਣਿਆ ਨਾਂ ਹੈ, ਜਿਸ ਨੇ ਮਿਆਰ ਤੇ ਤਕਨੀਕੀ ਪੱਖੋਂ ਕਾਮਯਾਬ ਫਿਲਮਾਂ ਪੰਜਾਬੀ ਸਿਨੇਮੇ ਨੂੰ ਦਿੱਤੀਆਂ ਹਨ। ਹੁਣ ਪੰਕਜ ਬਤਰਾ ਦੇ ਨਿਰਦੇਸ਼ਨ 'ਚ 22 ਫਰਵਰੀ 2019 ਨੂੰ ਆ ਰਹੀ ਫਿਲਮ 'ਹਾਈ ਐਂਡ ਯਾਰੀਆਂ' ਪੰਜਾਬੀ ਦਰਸ਼ਕਾਂ ਦੀ ਪਸੰਦ 'ਤੇ ਖਰੀ ਉਤਰਨ ਵਾਲੀ ਫਿਲਮ ਸਾਬਿਤ ਹੋਵੇਗੀ।

ਪਿਟਾਰਾ ਟਾਕੀਜ਼ ਪ੍ਰਾਈਵੇਟ ਲਿਮਟਿਡ, ਪੰਕਜ ਬਤਰਾ ਫਿਲਮਜ਼ ਤੇ ਸਪੀਡ ਰਿਕਾਰਡਜ਼ ਦੇ ਬੈਨਰ ਹੇਠ ਨਿਰਮਾਤਾ ਸੰਦੀਪ ਬਾਂਸਲ, ਪੰਕਜ ਬਤਰਾ, ਦਿਨੇਸ਼ ਔਲਖ ਤੇ ਰੂਬੀ ਕੋਹਲੀ ਦੀ ਇਸ ਫਿਲਮ 'ਚ ਸੰਗੀਤ ਤੇ ਫਿਲਮ ਜਗਤ ਦੇ ਤਿੰਨ ਵੱਡੇ ਕਲਾਕਾਰ ਰਣਜੀਤ ਬਾਵਾ, ਜੱਸੀ ਗਿੱਲ ਤੇ ਨਿੰਜਾ ਪਹਿਲੀ ਵਾਰ ਇਕੱਠੇ ਗੂੜ੍ਹੇ ਮਿੱਤਰਾਂ ਦੀ ਯਾਰੀ ਨਿਭਾਉਂਦੇ ਨਜ਼ਰ ਆਉਣਗੇ। ਆਮ ਫਿਲਮਾਂ ਤੋਂ ਹੱਟ ਕੇ ਬਿਲਕੁਲ ਨਵੇਂ ਵਿਸ਼ੇ ਦੀ ਇਹ ਕਹਾਣੀ ਵਿਦੇਸ਼ ਪੜ੍ਹਾਈ ਕਰਨ ਗਏ ਤਿੰਨ ਦੋਸਤਾਂ ਦੇ ਪਿਆਰ, ਹਾਸੇ-ਮਜ਼ਾਕ ਤੇ ਮਜਬੂਰੀਆਂ ਭਰੀ ਜ਼ਿੰਦਗੀ 'ਤੇ ਆਧਾਰਿਤ ਹੈ। ਨਿਰਦੇਸ਼ਕ ਪੰਕਜ ਬਤਰਾ ਨੇ ਦੱਸਿਆ ਕਿ ਇਹ ਫਿਲਮ ਦੋਸਤਾਂ ਦੀ ਗੂੜ੍ਹੀ ਯਾਰੀ 'ਤੇ ਆਧਾਰਿਤ ਹੈ, ਜੋ ਇਕ-ਦੂਜੇ ਲਈ ਕੁਝ ਵੀ ਕਰ ਸਕਦੇ ਹਨ।

ਇਹ ਫਿਲਮ ਜਿਥੇ ਦੋਸਤੀ ਦੀ ਇਕ ਨਵੀਂ ਮਿਸਾਲ ਕਾਇਮ ਕਰੇਗੀ, ਉਥੇ ਕਾਮੇਡੀ ਤੇ ਚੰਗੇ ਸੰਗੀਤ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਵੀ ਕਰੇਗੀ। ਇਸ ਫਿਲਮ 'ਚ ਦੋਸਤੀ ਪਿਆਰ ਮੁਹੱਬਤ ਰਿਸ਼ਤਿਆਂ ਦੀ ਤੜਫ ਤੇ ਇਕ-ਦੂਜੇ ਲਈ ਮਰ-ਮਿਟਣ ਦਾ ਜਨੂੰਨ ਹੈ। ਫਿਲਮ 'ਚ ਦਰਸ਼ਕ ਜਿਥੇ ਰਣਜੀਤ ਬਾਵਾ, ਜੱਸੀ ਗਿੱਲ ਤੇ ਨਿੰਜਾ ਦੀ ਦੋਸਤੀ ਨੂੰ ਵੇਖਣਗੇ, ਉਥੇ ਇਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਤਿੰਨ ਖੂਬਸੂਰਤ ਅਭਿਨੇਤਰੀਆਂ ਨਵਨੀਤ ਢਿੱਲੋਂ, ਆਰੂਸ਼ੀ ਸ਼ਰਮਾ ਤੇ ਮੁਸਕਾਨ ਸੇਠੀ ਦੇ ਅਦਾਕਾਰੀ ਜਲਵੇ ਵੀ ਵੇਖ ਸਕਣਗੇ। ਯਕੀਨਣ ਇਹ ਤਿੰਨੇ ਅਭਿਨੇਤਰੀਆਂ ਪੰਜਾਬੀ ਪਰਦੇ 'ਤੇ ਆਪਣੀ ਵੱਖਰੀ ਪਛਾਣ ਸਥਾਪਿਤ ਕਰਨ 'ਚ ਸਫਲ ਹੋਣਗੀਆਂ।

ਇਸ ਫਿਲਮ ਦੀ ਕਹਾਣੀ ਗੁਰਜੀਤ ਸਿੰਘ ਨੇ ਲਿਖੀ ਹੈ ਤੇ ਡਾਇਲਾਗ ਜਤਿੰਦਰ ਲੱਲ ਨੇ ਲਿਖੇ ਹਨ। ਫਿਲਮ ਦਾ ਸੰਗੀਤ ਵੀ ਬਹੁਤ ਜ਼ਬਰਦਸਤ ਹੈ, ਜੋ ਬੀ ਪਰਾਕ, ਮਿਊਜ਼ੀਕਲ ਡਾਕਟਰਜ਼, ਜੈਦੇਵ ਕੁਮਾਰ ਤੇ ਗੋਲਡਬੁਆਏ ਨੇ ਤਿਆਰ ਕੀਤਾ ਹੈ। ਫਿਲਮ ਦੇ ਗੀਤ ਜਾਨੀ, ਬੱਬੂ, ਨਿਰਮਾਣ ਤੇ ਵਿੰਦਰ ਨੱਥੂਮਾਜਰਾ ਨੇ ਲਿਖੇ ਹਨ। ਜੱਸੀ ਗਿੱਲ, ਰਣਜੀਤ ਬਾਵਾ, ਨਿੰਜਾ, ਗੁਰਨਾਮ ਭੁੱਲਰ, ਨਵਨੀਤ ਢਿੱਲੋਂ, ਆਰੂਸ਼ੀ ਸ਼ਰਮਾ, ਮੁਸ਼ਕਾਨ ਸੇਠੀ, ਨੀਤ ਕੌਰ, ਹੌਬੀ ਧਾਲੀਵਾਲ ਆਦਿ ਕਲਾਕਾਰਾਂ ਨੇ ਫਿਲਮ 'ਚ ਅਹਿਮ ਕਿਰਦਾਰ ਨਿਭਾਏ ਹਨ। 22 ਫਰਵਰੀ ਨੂੰ ਇਹ ਫਿਲਮ ਓਮਜੀ ਗਰੁੱਪ ਵਲੋਂ ਵਿਸ਼ਵ ਭਰ 'ਚ ਰਿਲੀਜ਼ ਕੀਤੀ ਜਾ ਰਹੀ ਹੈ।


Tags: High End Yaariyan Jassie Gill Ranjit Bawa Ninja Pankaj Batra Punjab Movie 2019 Pollywood News ਜੱਸੀ ਗਿੱਲ ਰਣਜੀਤ ਬਾਵਾ ਨਿੰਜਾ ਪਾਲੀਵੁੱਡ ਸਮਾਚਾਰ

Edited By

Rahul Singh

Rahul Singh is News Editor at Jagbani.