FacebookTwitterg+Mail

ਸੋਚਣ 'ਤੇ ਮਜਬੂਰ ਕਰੇਗੀ ਹਿਮਾਂਸ਼ੀ ਖੁਰਾਣਾ ਦੀ ਦਹੇਜ ਸਬੰਧੀ ਪੋਸਟ ਕੀਤੀ ਤਸਵੀਰ

himanshi khurana insta pic about dowry
21 February, 2018 02:36:18 PM

ਜਲੰਧਰ (ਬਿਊਰੋ)— ਹਿਮਾਂਸ਼ੀ ਖੁਰਾਣਾ ਉਨ੍ਹਾਂ ਪੰਜਾਬੀ ਸੈਲੇਬ੍ਰਿਟੀਜ਼ ਦੀ ਲਿਸਟ 'ਚ ਸ਼ਾਮਲ ਹੈ, ਜੋ ਨਿਤ ਦਿਨ ਔਰਤਾਂ ਖਿਲਾਫ ਹੋ ਰਹੇ ਅਨਿਆਂ ਬਾਰੇ ਖੁੱਲ੍ਹ ਕੇ ਗੱਲਬਾਤ ਕਰਦੇ ਹਨ। ਜੇਕਰ ਤੁਸੀਂ ਹਿਮਾਂਸ਼ੀ ਨੂੰ ਸੋਸ਼ਲ ਮੀਡੀਆ 'ਤੇ ਫਾਲੋਅ ਕਰਦੇ ਹੋ ਤਾਂ ਇਹ ਗੱਲ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉਹ ਮਹਿਲਾ ਸਸ਼ਕਤੀਕਰਨ ਨੂੰ ਲੈ ਕੇ ਆਵਾਜ਼ ਬੁਲੰਦ ਕਰਦੀ ਰਹਿੰਦੀ ਹੈ।
ਬੀਤੇ ਦਿਨੀਂ ਹਿਮਾਂਸ਼ੀ ਨੇ ਦਹੇਜ ਪ੍ਰਥਾ ਨੂੰ ਲੈ ਕੇ ਇਕ ਤਸਵੀਰ ਪੋਸਟ ਕੀਤੀ ਹੈ। ਇਸ ਤਸਵੀਰ 'ਚ ਲਿਖਿਆ ਹੈ, 'ਦਹੇਜ ਮੰਗਣ ਤੋਂ ਪਹਿਲਾਂ ਸੋਚੋ ਕਿ ਤੁਸੀਂ ਪੈਸਿਆਂ ਦਾ ਮੁਕਾਬਲਾ ਆਪਣੇ ਭਵਿੱਖ ਦੇ ਜੀਵਨਸਾਥੀ ਨਾਲ ਕਰ ਰਹੇ ਹੋ। ਇਹੀ ਚੀਜ਼ ਕਈ ਸਾਲਾਂ ਬਾਅਦ ਤੁਹਾਡੀ ਧੀ ਨਾਲ ਵੀ ਵਾਪਰੇਗੀ ਤੇ ਉਦੋਂ ਤੁਸੀਂ ਵੀ ਦਹੇਜ ਦੇਣ ਦੇ ਲਾਇਕ ਨਹੀਂ ਹੋਵੋਗੇ। ਫਿਰ ਤੁਸੀਂ ਕੀ ਕਰੋਗੇ? ਹਿੰਮਤ ਹੈ ਤਾਂ ਕਮਾ ਕੇ ਖਵਾਓ। ਸ਼ਗੁਣ ਦੇ ਨਾਂ 'ਤੇ ਦਹੇਜ ਮੰਗਣਾ ਬੰਦ ਕਰੋ।'

ਜਿੰਨਾ ਚੰਗਾ ਸੁਨੇਹਾ ਇਹ ਤਸਵੀਰ ਦਿੰਦੀ ਹੈ, ਉਨੀ ਸੋਹਣੀ ਹੀ ਇਸ ਦੀ ਕੈਪਸ਼ਨ ਵੀ ਹੈ। ਹਿਮਾਂਸ਼ੀ ਨੇ ਤਸਵੀਰ ਪੋਸਟ ਕਰਦਿਆਂ ਲਿਖਿਆ ਹੈ, 'ਆਪਾ ਤਾਂ 150 ਰੁਪਏ ਦਾ ਵਿਆਹ ਕਰਵਾਉਣਾ। 100 ਸਟੈਂਪ ਪੇਪਰ, 50 ਫੁੱਲਾਂ ਵਾਲੀ ਮਾਲਾ 'ਤੇ। ਮਿੱਠਾ ਦੇਖਣ ਵਾਲੇ ਨਾਲ ਲੈ ਕੇ ਆਉਣਗੇ ਜਿਨ੍ਹਾਂ ਨੂੰ ਮੇਰਾ ਵਿਆਹ ਦੇਖਣ ਨੂੰ ਮਿਲੂ ਤੇ ਐੱਨ. ਆਰ. ਆਈ. ਮੁੰਡੇ ਤਾਂ ਇਥੇ ਵੀ ਪੈਸੇ ਲਵਾਉਂਦੇ ਤੇ ਬਾਹਰ ਜਾ ਕੇ ਸਾਰੀ ਉਮਰ ਕੁੜੀ ਫਿਰ ਵੀ ਕੰਮ ਕਰਕੇ ਪੈਸਾ ਕਮਾਉਂਦੀ ਦੋਵੇਂ ਪਾਸੇ। ਇੰਨਾ ਪੈਸਾ ਲੈ ਕੇ ਜਦੋਂ ਮੁੰਡਾ ਗਲਤ ਨਿਕਲਦਾ ਤਾਂ ਕੁੜੀਆਂ ਪਰੈਸ਼ਰ 'ਚ ਆ ਜਾਂਦੀਆਂ ਵੀ ਮਾਂ-ਬਾਪ ਨੇ ਇੰਨਾ ਪੈਸਾ ਲਾਇਆ ਕਰ ਲਓ ਕੰਪ੍ਰੋਮਾਈਜ਼। ਜੇ ਕੁਝ ਨਾ ਲੱਗਾ ਹੋਊ ਤਾਂ ਸਮਝੌਤੇ ਨਾ ਹੋਣ।'


Tags: Himanshi Khurana Dowry Instagram Punjabi Model

Edited By

Rahul Singh

Rahul Singh is News Editor at Jagbani.