ਅਭਿਨੇਤਾ ਟਾਈਗਰ ਸ਼ਰਾਫ ਆਪਣੀ ਆਉਣ ਵਾਲੀ ਫਿਲਮ 'ਸਟੂਡੈਂਟ ਆਫ ਦਿ ਯੀਅਰ-2' ਨੂੰ ਲੈ ਕੇ ਸੁਰਖੀਆਂ 'ਚ ਹੈ। 2012 'ਚ ਰਿਲੀਜ਼ ਹੋਈ ਫਿਲਮ 'ਸਟੂਡੈਂਟ ਆਫ ਦਿ ਯੀਅਰ' ਨੇ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕੀਤੀ ਸੀ। ਇਹ ਉਸੇ ਦੀ ਹੀ ਦੂਜੀ ਕੜੀ ਹੈ। ਅਭਿਨੇਤਾ ਚੰਕੀ ਪਾਂਡੇ ਦੀ ਬੇਟੀ ਅਨੰਨਿਆ ਪਾਂਡੇ ਅਤੇ ਤਾਰਾ ਸੁਤਾਰੀਆ ਇਸ ਫਿਲਮ ਨਾਲ ਡੈਬਿਊ ਕਰ ਰਹੀਆਂ ਹਨ। ਫਿਲਮ ਦੀ ਕਹਾਣੀ ਇਕ ਕਾਲਜ ਦੇ ਮਿਹਨਤੀ ਵਿਦਿਆਰਥੀ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਆਪਣੀਆਂ ਨਿੱਜੀ ਚੁਣੌਤੀਆਂ ਨਾਲ ਜੂਝਦਾ ਹੈ ਅਤੇ 'ਸਟੂਡੈਂਟ ਆਫ ਦਿ ਯੀਅਰ' ਕੱਪ ਜਿੱਤਣ ਲਈ ਬਾਕੀ ਮੁਕਾਬਲੇਬਾਜ਼ਾਂ ਨਾਲ ਸਾਹਮਣਾ ਕਰਦਾ ਹੈ। ਪੁਨੀਤ ਮਲਹੋਤਰਾ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ ਦਾ ਨਿਰਮਾਣ ਕਰਨ ਜੌਹਰ ਕਰ ਰਹੇ ਹਨ। ਪਹਿਲੇ ਹਿੱਸੇ ਦਾ ਨਿਰਦੇਸ਼ਨ ਵੀ ਕਰਨ ਜੌਹਰ ਨੇ ਹੀ ਕੀਤਾ ਸੀ। ਫਿਲਮ ਪ੍ਰਮੋਸ਼ਨ ਲਈ ਦਿੱਲੀ ਪਹੁੰਚੇ ਟਾਈਗਰ ਸ਼ਰਾਫ, ਤਾਰਾ ਸੁਤਾਰੀਆ ਅਤੇ ਅਨੰਨਿਆ ਪਾਂਡੇ ਨੇ ਜਗ ਬਾਣੀ, ਪੰਜਾਬ ਕੇਸਰੀ, ਨਵੋਦਯਾ ਟਾਈਮਜ਼, ਹਿੰਦ ਸਮਾਚਾਰ ਨਾਲ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼ :
ਜਦ ਵੀ ਫਿਲਮ ਕਰਦਾ ਹਾਂ ਤਾਂ ਨਰਵਸ ਹੁੰਦਾ ਹਾਂ : ਟਾਈਗਰ ਸ਼ਰਾਫ
ਫਿਲਮ ਰਿਲੀਜ਼ ਨੂੰ ਲੈ ਕੇ ਉਤਸ਼ਾਹਿਤ ਜਾਂ ਘਬਰਾਹਟ ਮਹਿਸੂਸ ਹੋਣ ਦੇ ਸਵਾਲ 'ਤੇ ਟਾਈਗਰ ਸ਼ਰਾਫ ਕਹਿੰਦੇ ਹਨ, ''ਦੇਖੋ ਅਨੰਨਿਆ ਅਤੇ ਤਾਰਾ ਤਾਂ ਫਿਲਮ ਨੂੰ ਲੈ ਕੇ ਬਹੁਤ ਐਕਸਾਈਟਿਡ ਹਨ ਕਿਉਂਕਿ ਇਹ ਉਨ੍ਹਾਂ ਦੀ ਪਹਿਲੀ ਫਿਲਮ ਹੈ ਪਰ ਮੈਂ ਬਹੁਤ ਨਰਵਸ ਹਾਂ। ਜਦ ਵੀ ਮੈਂ ਕੋਈ ਫਿਲਮ ਕਰਦਾ ਹਾਂ ਤਾਂ ਨਰਵਸ ਹੁੰਦਾ ਹਾਂ। ਮੈਨੂੰ ਇੰਡਸਟਰੀ 'ਚ 5 ਸਾਲ ਹੋ ਜਾਣਗੇ ਪਰ ਅੱਜ ਵੀ ਮੈਨੂੰ ਥੋੜ੍ਹਾ ਡਰ ਲੱਗਦਾ ਹੈ। ਜਦ ਮੈਨੂੰ ਇਸ ਫਿਲਮ 'ਚ ਕੰਮ ਕਰਨ ਦਾ ਆਫਰ ਮਿਲਿਆ ਤਾਂ ਮੈਂ ਬਹੁਤ ਖੁਸ਼ ਹੋਇਆ ਕਿ ਚਲੋ ਫਿਰ ਤੋਂ ਖੁਦ ਨੂੰ ਸਾਬਿਤ ਕਰਨ ਦਾ ਅਤੇ ਕੁਝ ਵੱਖਰਾ ਕਰਨ ਦਾ ਮੌਕਾ ਮਿਲਿਆ।''
ਪਹਿਲੀ ਫਿਲਮ ਤੋਂ ਬਿਲਕੁਲ ਵੱਖ
ਫਿਲਮ ਦੇ ਪਹਿਲੇ ਅਤੇ ਦੂਜੇ ਹਿੱਸੇ ਦੇ ਫਰਕ ਬਾਰੇ ਟਾਈਗਰ ਦਾ ਕਹਿਣਾ ਹੈ, ''ਇਹ ਫਿਲਮ ਪਹਿਲੇ ਹਿੱਸੇ ਵਾਲੀ 'ਸਟੂਡੈਂਟ ਆਫ ਦਿ ਯੀਅਰ' ਤੋਂ ਬਿਲਕੁਲ ਵੱਖ ਹੈ। ਪਹਿਲਾਂ ਦੋ ਅਭਿਨੇਤਾ ਸਨ ਅਤੇ ਦੋ ਅਭਿਨੇਤਰੀਆਂ ਸਨ। ਹੁਣ ਫਿਲਮ ਦੀ ਕਹਾਣੀ ਵੀ ਬਿਲਕੁਲ ਵੱਖਰੀ ਹੈ। ਇਸ ਫਿਲਮ 'ਚ ਮੈਨੂੰ ਦੋ ਖੂਬਸੂਰਤ ਲੜਕੀਆਂ ਨਾਲ ਰੋਮਾਂਸ ਕਰਨ ਅਤੇ ਖੇਡ ਖੇਡਣ ਦਾ ਮੌਕਾ ਮਿਲਿਆ ਹੈ। ਇਹ ਸੰਦੇਸ਼ ਪ੍ਰਧਾਨ ਫਿਲਮ ਹੈ। ਇਹ ਸਿਰਫ ਮਜ਼ੇਦਾਰ ਹਿੱਸੇ ਤਕ ਸੀਮਤ ਨਹੀਂ ਹੈ ਸਗੋਂ ਮਹੱਤਵਪੂਰਨ ਸੰਦੇਸ਼ ਵੀ ਦਿੰਦੀ ਹੈ, ਜਿਸ ਨੂੰ ਅਸੀਂ ਟ੍ਰੇਲਰ 'ਚ ਨਹੀਂ ਦਿਖਾਇਆ ਹੈ।
ਆਲੀਆ ਜ਼ਬਰਦਸਤ ਪਰਫਾਰਮਰ
ਆਲੀਆ ਨਾਲ ਕੰਮ ਕਰਨ ਦੇ ਤਜਰਬੇ 'ਤੇ ਉਹ ਕਹਿੰਦੇ ਹਨ 'ਆਲੀਆ 'ਚ ਕੰਮ ਕਰਨ ਦਾ ਵੱਖਰਾ ਹੀ ਜਜ਼ਬਾ ਹੈ। ਉਹ ਜੋ ਵੀ ਕਰਦੀ ਹੈ, ਦਿਲ ਤੋਂ ਕਰਦੀ ਹੈ ਅਤੇ ਉਸ 'ਚ ਕੋਈ ਕਮੀ ਨਹੀਂ ਛੱਡਦੀ। ਆਲੀਆ ਜ਼ਬਰਦਸਤ ਪਰਫਾਰਮਰ ਹੈ। ਉਨ੍ਹਾਂ ਨਾਲ ਕੰਮ ਕਰਨਾ ਬਹੁਤ ਹੀ ਵਧੀਆ ਰਿਹਾ।
ਉਤਰਾਅ-ਚੜ੍ਹਾਅ ਜ਼ਿੰਦਗੀ ਦਾ ਹਿੱਸਾ
ਇੰਡਸਟਰੀ 'ਚ ਪੰਜ ਸਾਲ ਬਿਤਾਉਣ ਅਤੇ ਆਪਣੇ ਕਰੀਅਰ ਤੋਂ ਸੰਤੁਸ਼ਟ ਹੋਣ ਦੇ ਸਵਾਲ 'ਤੇ ਟਾਈਗਰ ਕਹਿੰਦੇ ਹਨ ਕਿ ਮੈਨੂੰ ਜੋ ਮਿਲਿਆ ਹੈ, ਮੈਂ ਉਸ ਤੋਂ ਖੁਸ਼ ਹਾਂ। ਮੈਨੂੰ ਆਪਣੇ ਕਰੀਅਰ ਤੋਂ ਕੋਈ ਸ਼ਿਕਾਇਤ ਨਹੀਂ ਹੈ। ਮੇਰੀ ਫੈਨ ਫਾਲੋਇੰਗ 'ਚ ਬੱਚੇ ਅਤੇ ਵੱਡੇ ਸਾਰੇ ਸ਼ਾਮਲ ਹਨ। ਰਹੀ ਉਤਰਾਅ-ਚੜ੍ਹਾਅ ਦੀ ਗੱਲ ਤਾਂ ਇਹ ਜ਼ਿੰਦਗੀ ਦਾ ਹਿੱਸਾ ਹੁੰਦੇ ਹਨ। ਇਕ ਚੰਗੇ ਸਟੂਡੈਂਟ ਹੋਣ ਦਾ ਜਜ਼ਬਾ ਸਾਡੇ ਸਾਰਿਆਂ 'ਚ ਹੋਣਾ ਚਾਹੀਦਾ ਹੈ।
ਜਲਦੀ ਹੀ ਰਿਤਿਕ ਦੇ ਨਾਲ ਫਿਲਮ
ਭਵਿੱਖ 'ਚ ਕਿਸ ਤਰ੍ਹਾਂ ਦੀਆਂ ਫਿਲਮਾਂ ਕਰਨਾ ਚਾਹੋਗੇ? ਇਸ 'ਤੇ ਟਾਈਗਰ ਦਾ ਕਹਿਣਾ ਹੈ, ''ਮੈਂ ਚਾਹੁੰਦਾ ਹਾਂ ਕਿ ਬਾਗੀ-3 ਅਤੇ ਰਿਤਿਕ ਵਰਸਿਸ ਟਾਈਗਰ ਵਰਗੀਆਂ ਫਿਲਮਾਂ ਬਣਨ ਅਤੇ ਮੈਂ ਉਨ੍ਹਾਂ 'ਚ ਕੰਮ ਕਰਾਂ। ਮੈਨੂੰ ਲੱਗਦਾ ਹੈ ਕਿ ਦਰਸ਼ਕ ਇਸ ਨੂੰ ਪਸੰਦ ਕਰਨਗੇ। ਮੈਨੂੰ ਰਿਤਿਕ ਬਹੁਤ ਪਸੰਦ ਹਨ। ਉਨ੍ਹਾਂ ਨਾਲ ਕੰਮ ਕਰਨਾ ਬਹੁਤ ਚੈਲੇਜਿੰਗ ਅਤੇ ਮਜ਼ੇਦਾਰ ਰਹੇਗਾ। ਇਕ ਵਾਰ ਸੋਚ ਕੇ ਦੇਖੋ ਜੇ ਰਿਤਿਕ ਵਰਸਿਸ ਟਾਈਗਰ ਵਰਗੀ ਫਿਲਮ ਬਣੇ ਤਾਂ ਕਿੰਨੀ ਜ਼ਬਰਦਸਤ ਬਣੇਗੀ। ਹਾਲਾਂਕਿ ਛੇਤੀ ਹੀ ਤੁਸੀਂ ਰਿਤਿਕ ਅਤੇ ਟਾਈਗਰ ਇਕ ਫਿਲਮ 'ਚ ਦੇਖ ਸਕੋਗੇ।
ਦੋ ਵਾਰ ਸਕ੍ਰੀਨ ਟੈਸਟ
'ਸਟੂਡੈਂਟ ਆਫ ਦਿ ਯੀਅਰ 2' ਵਿਚ ਭੂਮਿਕਾ ਮਿਲਣ ਬਾਰੇ 'ਚ ਅਨੰਨਿਆ ਦੱਸਦੀ ਹੈ ਕਿ ਮੈਂ ਪਹਿਲੀ ਵਾਰ ਕਰਨ ਨੂੰ ਉਨ੍ਹਾਂ ਦੇ ਆਫਿਸ 'ਚ ਮਿਲੀ ਸੀ। ਇਕ ਜਾਣਕਾਰ ਕਾਰਨ ਮੈਂ ਕਰਨ ਨਾਲ ਮਿਲ ਸਕੀ ਤਾਂ ਮੈਨੂੰ ਪਤਾ ਲੱਗਾ ਕਿ ਉਹ ਸਟੂਡੈਂਟ ਆਫ ਦਿ ਯੀਅਰ-2 ਬਣਾ ਰਹੇ ਹਨ, ਮੈਂ ਉਸ ਸਮੇਂ ਗ੍ਰੈਜੂਏਸ਼ਨ ਕਰ ਰਹੀ ਸੀ। ਕਰਨ ਨੇ ਕਿਹਾ ਕਿ ਮੈਨੂੰ ਫਿਲਮ ਲਈ ਆਡੀਸ਼ਨ ਦੇਣਾ ਚਾਹੀਦਾ ਹੈ। ਉਸ ਤੋਂ ਬਾਅਦ ਮੈਂ ਦੋ ਵਾਰ ਸਕ੍ਰੀਨ ਟੈਸਟ ਦਿੱਤਾ। ਇਹੀ ਨਹੀਂ, ਇਸ ਆਡੀਸ਼ਨ ਤੋਂ ਬਾਅਦ ਮੈਂ ਪੁਨੀਤ ਨਾਲ 2 ਮਹੀਨੇ ਦੀ ਵਰਕਸ਼ਾਪ ਵੀ ਕੀਤੀ ਸੀ।
ਆਲੀਆ ਹੈ ਮੇਰਾ ਆਦਰਸ਼
ਬਾਲੀਵੁੱਡ ਵਿਚ ਆਪਣੇ ਆਦਰਸ਼ ਦੇ ਸਵਾਲ 'ਤੇ ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਬਚਪਨ ਤੋਂ ਹੀ ਫਿਲਮਾਂ 'ਚ ਆਉਣਾ ਚਾਹੁੰਦੀ ਸੀ ਅਤੇ ਮੇਰਾ ਆਦਰਸ਼ ਆਲੀਆ ਹੈ ਕਿਉਂਕਿ ਉਹ ਬਾਲੀਵੁੱਡ 'ਚ ਬਹੁਤ ਚੰਗਾ ਕੰਮ ਕਰ ਰਹੀ ਹੈ। ਮੈਂ ਚਾਹੁੰਦੀ ਹਾਂ ਕਿ ਦਰਸ਼ਕ ਮੈਨੂੰ ਵੀ ਵਧਦੇ ਹੋਏ ਦੇਖਣ, ਕਿਉਂਕਿ ਮੈਂ ਸ਼ੁਰੂ ਤੋਂ ਹੀ ਪ੍ਰਫੈਕਟ ਨਹੀਂ ਬਣਨਾ ਚਾਹੁੰਦੀ।
ਸ਼ਾਹਰੁਖ ਨਾਲ ਫਿਲਮ ਕਰਨਾ ਸੁਪਨਾ
ਭਵਿੱਖ 'ਚ ਕਿਸ ਖਾਨ ਅਦਾਕਾਰ ਨਾਲ ਕੰਮ ਕਰਨਾ ਪਸੰਦ ਕਰੋਗੇ, ਇਸ 'ਤੇ ਅਨੰਨਿਆ ਕਹਿੰਦੀ ਹੈ ਕਿ ਸ਼ਾਹਰੁਖ ਸਰ ਦੇ ਨਾਲ ਕੰੰਮ ਕਰਨਾ ਮੇਰਾ ਸੁਪਨਾ ਹੈ। ਆਸ ਕਰਦੀ ਹਾਂ ਕਿ ਜਿਵੇਂ ਆਲੀਆ ਨੂੰ 'ਡੀਅਰ ਜ਼ਿੰਦਗੀ' ਰਾਹੀਂ ਸ਼ਾਹਰੁਖ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਕਾਸ਼ ਉਸੇ ਤਰ੍ਹਾਂ ਮੈਨੂੰ ਵੀ ਮਿਲ ਜਾਵੇ।
ਸਭ ਤੋਂ ਚੰਗੇ ਡਾਂਸ ਪਾਰਟਨਰ ਟਾਈਗਰ ਛ: ਤਾਰਾ ਸੁਤਾਰੀਆ
ਟਾਈਗਰ ਨਾਲ ਡਾਂਸ ਕਿੰਨਾ ਮੁਸ਼ਕਲ ਜਾਂ ਕਿੰਨਾ ਆਸਾਨ ਰਿਹਾ, ਇਸ ਬਾਰੇ ਤਾਰਾ ਸੁਤਾਰੀਆ ਕਹਿੰਦੀ ਹੈ ਕਿ ਟਾਈਗਰ ਦਾ ਐਕਸ਼ਨ ਅਤੇ ਡਾਂਸ ਦੋਵੇਂ ਹੈਰਾਨ ਕਰ ਦੇਣ ਵਾਲਾ ਹੈ। ਟਾਈਗਰ ਨੂੰ ਡਾਂਸ 'ਚ ਕੋਈ ਮੈਚ ਨਹੀਂ ਕਰ ਸਕਦਾ। ਦਰਅਸਲ ਟਾਈਗਰ ਡਾਂਸ ਕਰਦੇ ਸਮੇਂ ਸਿਰਫ ਡਾਂਸ 'ਤੇ ਫੋਕਸ ਨਹੀਂ ਕਰਦੇ ਸਗੋਂ ਹਰ ਛੋਟੀ ਤੋਂ ਛੋਟੀ ਤਕਨੀਕ ਦਾ ਵੀ ਧਿਆਨ ਰੱਖਦੇ ਹਨ। ਮੈਨੂੰ ਲਗਦਾ ਹੈ ਕਿ ਟਾਈਗਰ ਬਾਲੀਵੁੱਡ ਦੇ ਸਭ ਤੋਂ ਚੰਗੇ ਡਾਂਸ ਪਾਰਟਨਰ ਹਨ। ਇਨ੍ਹਾਂ ਦੇ ਨਾਲ ਡਾਂਸ ਕਰਨ ਲਈ ਸਾਨੂੰ ਬਹੁਤ ਮਿਹਨਤ ਕਰਨੀ ਪਈ।
ਨਹੀਂ ਹੋ ਰਿਹਾ ਸੀ ਯਕੀਨ
'ਸਟੂਡੈਂਟ ਆਫ ਦਿ ਯੀਅਰ-2' ਵਿਚ ਕੰਮ ਮਿਲਣ ਬਾਰੇ ਤਾਰਾ ਦਾ ਕਹਿਣਾ ਹੈ ਕਿ ਇਹ ਸੁਪਨੇ ਵਰਗਾ ਸੀ। ਜਦੋਂ ਮੈਨੂੰ ਪਤਾ ਲੱਗਾ ਕਿ ਮੈਂ ਇਸ 'ਚ ਕੰਮ ਕਰਨ ਵਾਲੀ ਹਾਂ ਤਾਂ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਅਤੇ ਮੈਂ ਇਸ ਨੂੰ ਲੈ ਕੇ ਬਹੁਤ ਹੀ ਉਤਸ਼ਾਹਿਤ ਹਾਂ।
ਆਪਣੀਆਂ ਫਿਲਮਾਂ 'ਚ ਗਾਉਣ ਦੀ ਵੀ ਚਾਹਤ
ਤਾਰਾ ਚੰਗਾ ਗਾਉਂਦੀ ਵੀ ਹੈ, ਕੀ ਉਹ ਫਿਲਮਾਂ 'ਚ ਵੀ ਗਾਵੇਗੀ। ਇਸ ਬਾਰੇ ਉਹ ਕਹਿੰਦੀ ਹੈ ਕਿ ਹਾਂ ਮੈਂ ਕਾਫੀ ਸਮੇਂ ਤੋਂ ਪ੍ਰਫਾਰਮ ਕਰ ਰਹੀ ਹਾਂ ਪਰ ਮੈਂ ਨਹੀਂ ਜਾਣਦੀ ਸੀ ਕਿ ਮੈਂ ਬਾਲੀਵੁੱਡ ਫਿਲਮਾਂ 'ਚ ਨਜ਼ਰ ਆਵਾਂਗੀ। ਹੁਣ ਜਦੋਂ ਐਂਟਰੀ ਕਰ ਲਈ ਹੈ ਤਾਂ ਮੈਂ ਚਾਹੁੰਦੀ ਹਾਂ ਕਿ ਮੈਨੂੰ ਗਾਉਣ ਦਾ ਵੀ ਮੌਕਾ ਮਿਲੇ। ਆਪਣੀਆਂ ਫਿਲਮਾਂ 'ਚ ਮੇਰੇ 'ਤੇ ਫਿਲਮਾਏ ਗਏ ਗਾਣਿਆਂ ਨੂੰ ਮੈਂ ਆਪਣੀ ਆਵਾਜ਼ ਦੇਣਾ ਚਾਹੁੰਦੀ ਹਾਂ। ਦੱਸ ਦਈਏ ਕਿ ਤਾਰਾ ਕਈ ਇੰਟਰਨੈਸ਼ਨਲ ਸਟਾਰ ਨਾਲ ਗਾਣੇ ਰਿਕਾਰਡ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਕਲਾਸੀਕਲ ਟ੍ਰੇਂਡ ਡਾਂਸਰ ਅਤੇ ਓਪੇਰਾ ਸਿੰਗਰ ਵੀ ਹੈ।