ਮੁੰਬਈ— ਮਾਡਲ ਲੀਜ਼ਾ ਰੇਅ ਆਪਣਾ 45ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 4 ਅਪ੍ਰੈਲ 1972 ਨੂੰ ਟੋਰਾਂਟੋ (ਕੈਨੇਡਾ) ਵਿਖੇ ਹੋਇਆ। 16 ਸਾਲ ਦੀ ਉਮਰ 'ਚ ਲੀਜ਼ਾ ਨੇ ਮਾਡਲਿੰਗ ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਲੀਜ਼ਾ ਨੇ ਪਹਿਲੀ ਵਾਰ ਲੋਕਾਂ ਦਾ ਧਿਆਨ ਬਾਂਬੇ ਡਾਈਂਗ ਦੀ ਐਡ ਰਾਹੀਂ ਖਿੱਚਿਆ ਸੀ। ਇਸ ਐਡ 'ਚ ਉਹ ਸ਼ਸ਼ੀ ਕਪੂਰ ਦੇ ਬੇਟੇ ਕਰਨ ਕਪੂਰ ਨਾਲ ਨਜ਼ਰ ਆਈ ਸੀ।
ਕੁਝ ਸਮੇਂ ਬਾਅਦ ਉਹ 'ਗਲੈਡ ਰੈਗਸ' ਦੇ ਕਵਰ ਪੇਜ 'ਤੇ ਲਾਲ ਰੰਗ ਦੇ ਸਵਿਮਸੂਟ 'ਚ ਦਿਖਾਈ ਦਿੱਤੀ। ਇਸ ਤੋਂ ਬਾਅਦ ਉਸ ਨੇ ਕਈ ਮੈਗਜ਼ੀਨਜ਼ ਦੇ ਕਵਰ 'ਤੇ ਆਪਣੀ ਜਗ੍ਹਾ ਬਣਾਈ। ਲੀਜ਼ਾ ਨੇ ਲੰਮੇ ਸਮੇਂ ਤਕ ਮਾਡਲਿੰਗ ਕਰਨ ਤੋਂ ਬਾਅਦ ਐਕਟਿੰਗ 'ਚ ਆਪਣਾ ਕਰੀਅਰ ਬਣਾਉਣ ਦੀ ਸੋਚੀ। ਉਸ ਨੇ ਸਭ ਤੋਂ ਪਹਿਲਾਂ ਇਕ ਤਾਮਿਲ ਫਿਲਮ 'ਨੇਤਾਜੀ' 'ਚ ਕੰਮ ਕੀਤਾ। 2001 'ਚ ਉਸ ਨੇ ਬਾਲੀਵੁੱਡ ਫਿਲਮ 'ਕਸੂਰ' ਨਾਲ ਐਂਟਰੀ ਕੀਤੀ। ਇਸ ਤੋਂ ਬਾਅਦ ਉਸ ਨੇ ਦੀਪਾ ਮਹਿਤਾ ਦੀ ਫਿਲਮ 'ਵਾਟਰ' 'ਚ ਕੰਮ ਕੀਤਾ। ਉਸ ਨੇ ਕੈਨੇਡਾ, ਯੂਰਪ ਤੇ ਯੂ. ਐੱਸ. ਦੀਆਂ ਫਿਲਮਾਂ 'ਚ ਵੀ ਕੰਮ ਕੀਤਾ ਹੈ।