ਮੁੰਬਈ(ਬਿਊਰੋ)— 'ਮੇਟ ਗਾਲਾ' ਹਰ ਸਾਲ ਹੋਣ ਵਾਲਾ ਦੁਨੀਆਂ ਦਾ ਸਭ ਤੋਂ ਵੱਡਾ ਫੈਸ਼ਨ ਇਵੈਂਟ ਹੈ । ਹਰ ਸਾਲ ਇੱਥੇ ਦੁਨੀਆਂ ਭਰ ਤੋਂ ਕਲਾਕਾਰ ਇੱਕਠੇ ਹੁੰਦੇ ਹਨ। ਇਸ ਇਵੈਂਟ ਨੂੰ ਇਕ ਥੀਮ ਮੁਤਾਬਕ ਡਿਜ਼ਾਇਨ ਕੀਤਾ ਜਾਂਦਾ ਹੈ। ਇਸ ਥੀਮ ਨੂੰ ਹਰ ਕਲਾਕਾਰ ਨੂੰ ਫਾਲੋ ਕਰਨਾ ਹੁੰਦਾ ਹੈ ।ਇਸ ਵਾਰ ਵੀ ਇਵੈਂਟ ਦੀ ਥੀਮ ਨੂੰ ਫਾਲੋ ਕਰਦੇ ਹੋਏ ਬਾਲੀਵੁੱਡ ਤੇ ਹਾਲੀਵੁੱਡ ਦੇ ਕਈ ਸਿਤਾਰੇ ਇੱਥੇ ਪਹੁੰਚੇ ਸਨ।
ਪਰ ਇਸ ਸਭ ਦੇ ਚਲਦੇ ਜਦੋਂ ਪ੍ਰਿਯੰਕਾ ਚੋਪੜਾ ਸਭ ਦੇ ਸਾਹਮਣੇ ਆਈ ਤਾਂ ਹਰ ਇਕ ਨੇ ਉਸ ਦਾ ਮਜ਼ਾਕ ਉਡਾਇਆ। ਇਸ ਤੋਂ ਇਲਾਵਾ ਹੋਰ ਵੀ ਕਈ ਅਦਾਕਾਰਾਂ ਨੂੰ ਟਰੋਲ ਕੀਤਾ ਗਿਆ ਸੀ ਪਰ ਇਸ ਦਾ ਕਿਸੇ ਵੀ ਅਦਾਕਾਰ ਨੂੰ ਕੋਈ ਫਰਕ ਨਹੀਂ ਪਿਆ ਕਿਉਂਕਿ ਮੇਟ ਗਾਲਾ 'ਚ ਪਹੁੰਚਣ ਲਈ ਭਾਰੀ ਭਰਕਮ ਰਕਮ ਖਰਚ ਕਰਨੀ ਪੈਂਦੀ ਹੈ।
ਇਸ ਇਵੈਂਟ ਦੇ ਇਤਿਹਾਸ ਤੇ ਨਜ਼ਰ ਮਾਰੀ ਜਾਵੇ ਤਾਂ ਇਹ ਇਵੈਂਟ 1973 'ਚ ਸ਼ੁਰੂ ਹੋਇਆ ਸੀ । ਉਸ ਸਮੇਂ ਇਸ 'ਚ ਐਂਟਰੀ ਲਈ 50 ਅਮਰੀਕੀ ਡਾਲਰ ਲਏ ਜਾਂਦੇ ਸਨ ਪਰ ਹੁਣ ਇਹੀ ਫੀਸ ਲੱਗਪਗ 30 ਹਜ਼ਾਰ ਅਮਰੀਕੀ ਡਾਲਰ ਹੈ। ਜੋ ਕਿ ਭਾਰਤੀ ਕਰੰਸੀ ਮੁਤਾਬਕ ਲੱਗਪਗ 21 ਲੱਖ ਰੁਪਏ ਹੈ।
ਇਸ ਤੋਂ ਇਲਾਵਾ ਜੇਕਰ ਟੇਬਲ ਦੀ ਕਾਸਟ ਕੱਢੀ ਜਾਵੇ ਤਾਂ ਇਹ 2 ਲੱਖ 75 ਹਜ਼ਾਰ ਅਮਰੀਕੀ ਡਾਲਰ ਹੈ। ਜਿਹੜੀ ਕਿ ਭਾਰਤੀ ਕਰੰਸੀ 'ਚ ਇਕ ਕਰੋੜ 90 ਲੱਖ ਤੋਂ ਵੱਧ ਬਣਦੀ ਹੈ। ਜੇਕਰ ਇਸ ਰਕਮ 'ਚ ਕਲਾਕਾਰ ਦੇ ਕੱਪੜਿਆਂ ਤੇ ਜੁੱਤੀਆਂ ਦੀ ਕੀਮਤ ਵੀ ਜੋੜੀ ਜਾਵੇ ਤਾਂ ਇਹ ਖਰਚਾ ਕਈ ਕਰੋੜ 'ਚ ਪਹੁੰਚ ਜਾਂਦਾ ਹੈ । ਸਾਲ 2017 ਦੀ ਗੱਲ ਕੀਤੀ ਜਾਵੇ ਤਾਂ ਕਲਾਕਾਰਾਂ ਤੋਂ 83 ਕਰੋੜ ਤੋਂ ਵੱਧ ਦੀ ਰਕਮ ਵਸੂਲੀ ਗਈ ਸੀ।