ਜਲੰਧਰ (ਬਿਊਰੋ)— ਗਿੱਪੀ ਗਰੇਵਾਲ ਦੀ ਕੰਪਨੀ 'ਹੰਬਲ ਮੋਸ਼ਨ ਪਿਕਚਰਜ਼' ਸਾਲ 2020 ਤਕ ਪੰਜਾਬੀ ਫਿਲਮ ਇੰਡਸਟਰੀ 'ਚ ਧਮਾਲਾਂ ਪਾਉਣ ਜਾ ਰਹੀ ਹੈ। ਇਸ ਕੰਪਨੀ ਦੇ ਬੈਨਰ ਹੇਠ 2020 ਤਕ ਇਕ, ਦੋ ਜਾਂ ਤਿੰਨ ਨਹੀਂ, ਸਗੋਂ ਪੂਰੀਆਂ 8 ਫਿਲਮਾਂ ਬਣਨ ਜਾ ਰਹੀਆਂ ਹਨ। ਇਸ ਦਾ ਐਲਾਨ ਗਿੱਪੀ ਨੇ ਅੱਜ ਸੋਸ਼ਲ ਮੀਡੀਆ ਰਾਹੀਂ ਕੀਤਾ ਹੈ। ਗਿੱਪੀ ਨੇ ਇਕ ਤਸਵੀਰ ਸਾਂਝੀ ਕਰਦਿਆਂ ਫਿਲਮਾਂ ਦੇ ਨਾਂ ਤੇ ਰਿਲੀਜ਼ ਡੇਟ ਦੱਸੀ ਹੈ।
ਇਹ ਹਨ 'ਹੰਬਲ ਮੋਸ਼ਨ ਪਿਕਚਰਸ' ਵਲੋਂ ਬਣਾਈਆਂ ਜਾ ਰਹੀਆਂ 8 ਫਿਲਮਾਂ—
1. ਮਰ ਗਏ ਓਏ ਲੋਕੋ
ਇਹ ਫਿਲਮ ਗਿੱਪੀ ਗਰੇਵਾਲ ਨੇ ਲਿਖੀ ਹੈ, ਜਿਸ ਨੂੰ ਸਿਮਰਜੀਤ ਸਿੰਘ ਡਾਇਰੈਕਟ ਕਰ ਰਹੇ ਹਨ। ਫਿਲਮ 31 ਅਗਸਤ 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ।
2. ਮੰਜੇ ਬਿਸਤਰੇ 2
ਇਹ ਫਿਲਮ ਵੀ ਗਿੱਪੀ ਗਰੇਵਾਲ ਨੇ ਲਿਖੀ ਹੈ, ਜਿਸ ਨੂੰ ਡਾਇਰੈਕਟ ਬਲਜੀਤ ਸਿੰਘ ਦਿਓ ਕਰਨਗੇ। ਫਿਲਮ 12 ਅਪ੍ਰੈਲ 2019 ਨੂੰ ਰਿਲੀਜ਼ ਹੋਵੇਗੀ।
3. ਚੱਕ ਦੇ ਫੱਟੇ 2
2008 'ਚ ਰਿਲੀਜ਼ ਹੋਈ ਸੁਪਰਹਿੱਟ ਪੰਜਾਬੀ ਫਿਲਮ 'ਚੱਕ ਦੇ ਫੱਟੇ ਦਾ ਸੀਕੁਅਲ ਬਣਨ ਜਾ ਰਿਹਾ ਹੈ। 'ਚੱਕ ਦੇ ਫੱਟੇ 2' ਨੂੰ ਸਮੀਪ ਕੰਗ ਡਾਇਰੈਕਟ ਕਰ ਰਹੇ ਹਨ, ਜਿਹੜੀ 2019 'ਚ ਰਿਲੀਜ਼ ਹੋਵੇਗੀ।
4. ਜ਼ਿੰਦਾਬਾਦ ਯਾਰੀਆਂ
ਇਸ ਫਿਲਮ ਨੂੰ ਲਿਖਿਆ ਵੀ ਗਿੱਪੀ ਗਰੇਵਾਲ ਨੇ ਹੈ ਤੇ ਡਾਇਰੈਕਟ ਵੀ ਖੁਦ ਗਿੱਪੀ ਹੀ ਕਰਨਗੇ। ਫਿਲਮ 2019 'ਚ ਰਿਲੀਜ਼ ਹੋਵੇਗੀ।
5. ਕੈਰੀ ਆਨ ਜੱਟਾ 3
ਇਸੇ ਮਹੀਨੇ 1 ਤਰੀਕ ਨੂੰ ਰਿਲੀਜ਼ ਹੋਈ ਫਿਲਮ 'ਕੈਰੀ ਆਨ ਜੱਟਾ 2' ਦਾ ਅਗਲਾ ਭਾਗ ਵੀ ਬਣਨ ਜਾ ਰਿਹਾ ਹੈ। ਜੀ ਹਾਂ, 'ਕੈਰੀ ਆਨ ਜੱਟਾ 3' ਦੀ ਪਲਾਨਿੰਗ ਸ਼ੁਰੂ ਹੋ ਚੁੱਕੀ ਹੈ। ਫਿਲਮ ਨੂੰ ਸਮੀਪ ਕੰਗ ਡਾਇਰੈਕਟ ਕਰਨਗੇ, ਜਿਹੜੀ 2020 'ਚ ਰਿਲੀਜ਼ ਹੋਵੇਗੀ।
6. ਵੀਰਾ
ਇਸ ਫਿਲਮ ਨੂੰ ਲਿਖਿਆ ਗਿੱਪੀ ਗਰੇਵਾਲ ਨੇ ਹੈ ਤੇ ਇਸ ਨੂੰ ਡਾਇਰੈਕਟ ਵੀ ਗਿੱਪੀ ਕਰਨ ਵਾਲੇ ਹਨ। ਫਿਲਮ ਦੀ ਰਿਲੀਜ਼ ਡੇਟ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ।
7. ਮਾਂ
ਮਾਂ ਫਿਲਮ ਦੀ ਪਲਾਨਿੰਗ ਕਾਫੀ ਸਮੇਂ ਤੋਂ ਚੱਲ ਰਹੀ ਹੈ। ਜਦੋਂ ਗਿੱਪੀ 'ਮੰਜੇ ਬਿਸਤਰੇ' ਫਿਲਮ ਦੀ ਪ੍ਰਮੋਸ਼ਨ ਕਰਨ 'ਜਗ ਬਾਣੀ' ਦੇ ਵਿਹੜੇ ਪਹੁੰਚੇ ਸਨ ਤਾਂ ਉਨ੍ਹਾਂ ਦੱਸਿਆ ਸੀ ਕਿ ਉਹ ਬਹੁਤ ਜਲਦ 'ਮਾਂ' ਫਿਲਮ ਲੈ ਕੇ ਆ ਰਹੇ ਹਨ। ਇਹ ਰਿਲੀਜ਼ ਕਦੋਂ ਹੋਵੇਗੀ, ਇਸ ਲਈ ਸਾਨੂੰ ਥੋੜ੍ਹਾ ਇੰਤਜ਼ਾਰ ਕਰਨਾ ਪੈ ਸਕਦਾ ਹੈ।
8. ਆਪਣਾ ਪੰਜਾਬ ਹੋਵੇ
ਇਸ ਫਿਲਮ ਬਾਰੇ ਵੀ ਅਜੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਫਿਲਮ ਨੂੰ ਕੌਣ ਡਾਇਰੈਕਟ ਕਰ ਰਿਹਾ ਹੈ ਤੇ ਕਿਸ ਨੇ ਲਿਖਿਆ ਹੈ, ਇਹ ਜਾਣਨ ਲਈ ਥੋੜ੍ਹਾ ਇੰਤਜ਼ਾਰ ਕਰਨਾ ਪੈ ਸਕਦਾ ਹੈ।