FacebookTwitterg+Mail

ਯੂਨੀਵਰਸਿਟੀਜ਼ ਤੇ ਰਾਜਨੀਤੀ ਦੇ ਅੰਦਰਲੇ ਮੁੱਦਿਆਂ ਨੂੰ ਉਜਾਗਰ ਕਰੇਗੀ ‘ਇਕ ਸੰਧੂ ਹੁੰਦਾ ਸੀ’

ik sandhu hunda si
23 February, 2020 09:13:37 AM

ਜਲੰਧਰ (ਰਾਹੁਲ ਸਿੰਘ, ਨੇਹਾ ਮਨਹਾਸ)- ਪੰਜਾਬੀ ਫਿਲਮ ‘ਇਕ ਸੰਧੂ ਹੁੰਦਾ ਸੀ’ ਇਸ ਸ਼ੁੱਕਰਵਾਰ ਯਾਨੀ 28 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਐਕਸ਼ਨ ਅਤੇ ਰੋਮਾਂਸ ਨਾਲ ਭਰਪੂਰ ਇਸ ਫਿਲਮ ’ਚ ਗਿੱਪੀ ਗਰੇਵਾਲ ਤੇ ਨੇਹਾ ਸ਼ਰਮਾ ਮੁੱਖ ਭੂਮਿਕਾ ਨਿਭਾਅ ਰਹੇ ਹਨ, ਜਿਨ੍ਹਾਂ ਨਾਲ ਰੌਸ਼ਨ ਪ੍ਰਿੰਸ, ਪਵਨ ਮਲਹੋਤਰਾ, ਵਿਕਰਮਜੀਤ ਵਿਰਕ, ਬੱਬਲ ਰਾਏ, ਧੀਰਜ ਕੁਮਾਰ, ਰਘਵੀਰ ਬੋਲੀ, ਜਸਪ੍ਰੇਮ ਢਿੱਲੋਂ ਤੇ ਅਨਮੋਲ ਕਵਾਤਰਾ ਨਾਲ ਕਈ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਰਾਕੇਸ਼ ਮਹਿਤਾ ਵਲੋਂ ਡਾਇਰੈਕਟ ਕੀਤੀ ਗਈ ਹੈ, ਜਿਸ ਦੀ ਕਹਾਣੀ ਜੱਸ ਗਰੇਵਾਲ ਨੇ ਲਿਖੀ ਹੈ। ਫਿਲਮ ਬੱਲੀ ਸਿੰਘ ਕੱਕੜ ਵਲੋਂ ਪ੍ਰੋਡਿਊਸ ਕੀਤੀ ਗਈ ਹੈ ਤੇ ਡਾਇਲਾਗਸ ਪ੍ਰਿੰਸ ਕੰਵਲਜੀਤ ਸਿੰਘ ਨੇ ਲਿਖੇ ਹਨ। ਫਿਲਮ ਦੀ ਪ੍ਰਮੋਸ਼ਨ ਇਨ੍ਹੀਂ ਦਿਨੀਂ ਜ਼ੋਰਾਂ ’ਤੇ ਚੱਲ ਰਹੀ ਹੈ, ਜਿਸ ਦੇ ਸਿਲਸਿਲੇ ’ਚ ਗਿੱਪੀ ਗਰੇਵਾਲ ਤੇ ਰੌਸ਼ਨ ਪ੍ਰਿੰਸ ‘ਜਗ ਬਾਣੀ’ ਦੇ ਦਫਤਰ ਪਹੁੰਚੇ, ਜਿਥੇ ਉਨ੍ਹਾਂ ਨਾਲ ਫਿਲਮ ਨੂੰ ਲੈ ਕੇ ਖਾਸ ਗੱਲਬਾਤ ਕੀਤੀ ਗਈ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼—

ਸਵਾਲ- ਫਿਲਮ ਦੀ ਕਹਾਣੀ ਤੁਹਾਡੇ ਕੋਲ ਕਾਫੀ ਸਮੇਂ ਤੋਂ ਪਈ ਸੀ, ਹੁਣ ਸਹੀ ਸਮਾਂ ਕਿਉਂ ਲੱਗਾ ਇਸ ਨੂੰ ਬਣਾਉਣ ਦਾ?

ਗਿੱਪੀ ਗਰੇਵਾਲ- ਕੋਈ ਵੀ ਚੀਜ਼ ਤੁਸੀਂ ਕਰਨੀ ਹੈ, ਉਸ ਲਈ ਇਕ ਸਹੀ ਸਮਾਂ ਹੁੰਦਾ ਹੈ। 'ਇਕ ਸੰਧੂ ਹੁੰਦਾ ਸੀ' ਕਾਫੀ ਮਹਿੰਗੀ ਫਿਲਮ ਹੈ। ਜਦੋਂ ਇਹ ਫਿਲਮ ਸਾਡੇ ਕੋਲ ਆਈ ਸੀ ਤਾਂ ਉਦੋਂ ਇੰਨਾ ਬਜਟ ਪੰਜਾਬੀ ਫਿਲਮ 'ਤੇ ਨਹੀਂ ਖਰਚਿਆ ਜਾਂਦਾ ਸੀ ਪਰ ਹੁਣ ਸਮਾਂ ਬਦਲ ਚੁੱਕਾ ਹੈ। ਹੁਣ ਪ੍ਰੋਡਿਊਸਰ ਪੈਸੇ ਵੀ ਖਰਚਦੇ ਹਨ ਤੇ ਡਾਇਰੈਕਟਰ ਵੱਡੇ ਲੈਵਲ ਦੀ ਫਿਲਮ ਨੂੰ ਹੱਥ ਵੀ ਪਾਉਣ ਲੱਗ ਪਏ ਹਨ। ਪਹਿਲਾਂ ਦੇ ਸਮੇਂ 'ਚ ਪੰਜਾਬੀ ਫਿਲਮਾਂ ਤੋਂ ਕਮਾਈ ਘੱਟ ਹੁੰਦੀ ਸੀ ਤੇ ਹੁਣ ਕਮਾਈ ਨੂੰ ਦੇਖਦਿਆਂ ਬਜਟ ਵੀ ਵੱਧ ਖਰਚੇ ਜਾ ਰਹੇ ਹਨ। ਇਹ ਫਿਲਮ ਉਸ ਸਮੇਂ ਘੱਟ ਬਜਟ 'ਚ ਨਹੀਂ ਬਣ ਸਕਦੀ ਸੀ, ਇਸ ਲਈ ਉਡੀਕ ਕਰ ਕੇ ਇਸ ਨੂੰ ਪੂਰਾ ਸਮਾਂ ਦਿੱਤਾ ਤੇ ਜਿੰਨਾ ਬਜਟ ਇਸ ਲਈ ਲੱਗਣਾ ਸੀ, ਓਨਾ ਲਾਇਆ ਵੀ ਕਿਉਂਕਿ ‘ਇਕ ਸੰਧੂ ਹੁੰਦਾ ਸੀ’ ਵੱਡੇ ਬਜਟ ਦੀ ਫਿਲਮ ਹੈ।

ਸਵਾਲ- ਫਿਲਮ ਨੂੰ ਹਾਂ ਕਰਨ ਦਾ ਕੀ ਕਾਰਣ ਸੀ?

ਰੌਸ਼ਨ ਪ੍ਰਿੰਸ- ਸਭ ਤੋਂ ਵੱਡਾ ਕਾਰਣ ਖੁਦ ਗਿੱਪੀ ਗਰੇਵਾਲ ਹਨ। ਉਹ ਸਾਡੀ ਇੰਡਸਟਰੀ ਦੀ ਸ਼ਾਨ ਹਨ। ਜਦੋਂ ਗਿੱਪੀ ਕੋਈ ਫਿਲਮ ਕਰਦੇ ਹਨ ਤਾਂ ਦੇਖ-ਪਰਖ ਕੇ ਹੀ ਕਰਦੇ ਹਨ ਅਤੇ ਪ੍ਰਫੈਕਸ਼ਨ ਉਨ੍ਹਾਂ ਦੇ ਕੰਮ ’ਚ ਝਲਕਦੀ ਹੈ। ਮੈਂ ਇਨ੍ਹਾਂ ਦੀਆਂ ਫਿਲਮਾਂ ਦਾ ਫੈਨ ਹਾਂ ਤੇ ਜਦੋਂ ਵੀ ਮੈਨੂੰ ਇਨ੍ਹਾਂ ਦੀ ਫਿਲਮ ਆਫਰ ਹੁੰਦੀ ਹੈ ਤਾਂ ਮੈਂ ਦੂਜੀ ਵਾਰ ਨਹੀਂ ਸੋਚਦਾ। ਦੂਜਾ ਕਾਰਣ ਇਹ ਸੀ ਕਿ ਫਿਲਮ ’ਚ ਮੈਨੂੰ ਕਿਰਦਾਰ ਵਧੀਆ ਨਿਭਾਉਣ ਲਈ ਮਿਲਿਆ ਹੈ। ਮੈਂ ਗਿੱਲ ਨਾਂ ਦੇ ਮੁੰਡੇ ਦਾ ਕਿਰਦਾਰ ਨਿਭਾਅ ਰਿਹਾ ਹੈ, ਜੋ ਮੇਰੀ ਅਸਲ ਜ਼ਿੰਦਗੀ ਨਾਲ ਵੀ ਮਿਲਦਾ-ਜੁਲਦਾ ਹੈ।

ਸਵਾਲ- ਤੁਹਾਨੂੰ ਦੋਵਾਂ ਨੂੰ ਇਕ-ਦੂਜੇ ਦੀ ਕਿਹੜੀ ਗੱਲ ਸਭ ਤੋਂ ਵਧੀਆ ਲੱਗਦੀ ਹੈ?

ਗਿੱਪੀ ਗਰੇਵਾਲ- ਅਸੀਂ 2 ਫਿਲਮਾਂ ਇਕੱਠੇ ਕਰ ਚੁੱਕੇ ਹਾਂ ਪਰ ਸਾਡੇ ਸੀਨਜ਼ ਮਲਟੀਸਟਾਰਰ ਹੀ ਸਨ। ਇਹ ਪਹਿਲੀ ਫਿਲਮ ਹੈ, ਜਿਸ ਵਿਚ ਅਸੀਂ 3 ਦੋਸਤ ਹਾਂ, ਮੈਂ, ਧੀਰਜ ਤੇ ਰੌਸ਼ਨ ਪ੍ਰਿੰਸ। ਧੀਰਜ ਦੇ ਕਿਰਦਾਰ ਦਾ ਨਾਂ ਗਰੇਵਾਲ ਹੈ ਤੇ ਰੌਸ਼ਨ ਪ੍ਰਿੰਸ ਦੇ ਕਿਰਦਾਰ ਦਾ ਨਾਂ ਗਿੱਲ। 3 ਦੋਸਤਾਂ ਦੀ ਕਹਾਣੀ ਹੈ ਤੇ ਤਿੰਨਾਂ ਦੇ ਕਿਰਦਾਰਾਂ ਦੇ ਸੁਭਾਅ ਵੱਖ-ਵੱਖ ਹਨ। ਅਸੀਂ ਰੌਸ਼ਨ ਨੂੰ ਸੋਚ ਕੇ ਹੀ ਲਿਆ ਹੈ ਕਿਉਂਕਿ ਆਮ ਤੌਰ ’ਤੇ ਜਿਸ ਤਰ੍ਹਾਂ ਦਾ ਰੌਸ਼ਨ ਪ੍ਰਿੰਸ ਆਪ ਹੈ, ਉਹ ਕਿਰਦਾਰ ਲਈ ਫਿੱਟ ਬੈਠਦਾ ਹੈ। ਇਸ ਫਿਲਮ ’ਚ ਅਸੀਂ ਬਹੁਤ ਸਮਾਂ ਇਕੱਠਿਆਂ ਬਤੀਤ ਕੀਤਾ ਹੈ ਤੇ ਮੈਨੂੰ ਲੱਗਦਾ ਹੈ ਕਿ ਰੌਸ਼ਨ ਉਨ੍ਹਾਂ ਐਕਟਰਾਂ ’ਚੋਂ ਹੈ, ਜੋ ਡਾਇਰੈਕਟਰ ਦੇ ਐਕਟਰ ਹੁੰਦੇ ਹਨ ਤੇ ਮੈਂ ਇਸ ਤਰ੍ਹਾਂ ਦੇ ਐਕਟਰਾਂ ਨਾਲ ਕੰਮ ਕਰ ਕੇ ਬਹੁਤ ਖੁਸ਼ ਹੁੰਦਾ ਹਾਂ।

ਰੌਸ਼ਨ ਪ੍ਰਿੰਸ- ਮੈਨੂੰ ਗਿੱਪੀ ਗਰੇਵਾਲ ਦੀ ਐਨਰਜੀ ਸਭ ਤੋਂ ਵਧੀਆ ਲੱਗਦੀ ਹੈ। ਗਿੱਪੀ ਆਪਣੇ ਕੰਮ ਨੂੰ ਕਰਦਿਆਂ ਥੱਕਦੇ ਨਹੀਂ ਹਨ। ਸਭ ਤੋਂ ਵੱਡੀ ਗੱਲ ਗਿੱਪੀ ਕੰਮ ਦੀ ਪੂਜਾ ਕਰਦੇ ਹਨ। ਇਹੀ ਕਾਰਣ ਹੈ ਕਿ ਅੱਜ ਗਿੱਪੀ ਇੰਡਸਟਰੀ ਦੇ ਬੈਸਟ ਡਾਇਰੈਕਟਰਾਂ, ਰਾਈਟਰਜ਼ ਤੇ ਐਕਟਰਾਂ ’ਚੋਂ ਇਕ ਹਨ।

ਸਵਾਲ- ਕੀ ਤੁਸੀਂ ਆਪਣੇ ਹੁਣ ਤੱਕ ਦੇ ਕਰੀਅਰ ਤੋਂ ਸੰਤੁਸ਼ਟ ਹੋ?

ਰੌਸ਼ਨ ਪ੍ਰਿੰਸ- ਮੈਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ। ‘ਇਕ ਸੰਧੂ ਹੁੰਦਾ ਸੀ’ ਮੇਰੀ 23ਵੀਂ ਫਿਲਮ ਹੈ। ਜੋ ਕਿਰਦਾਰ ਮੈਂ ਹੁਣ ਤੱਕ ਨਿਭਾਏ ਹਨ, ਇਹ ਉਨ੍ਹਾਂ ਸਾਰਿਆਂ ਤੋਂ ਵੱਖਰਾ ਹੈ। ਆਪਣੇ ਫਿਲਮ ਕਰੀਅਰ ਦੌਰਾਨ ਮੈਂ ਕਾਮੇਡੀ ਜ਼ਿਆਦਾ ਕੀਤੀ ਪਰ ਤਜਰਬੇ ਵੀ ਨਾਲ-ਨਾਲ ਹੋਏ ਹਨ ਤੇ ਸੰਤੁਸ਼ਟੀ ਵੀ ਹੈ।

ਸਵਾਲ- ਸੰਧੂ ਕਿਸ ਤਰ੍ਹਾਂ ਦਾ ਕਿਰਦਾਰ ਹੈ?

ਗਿੱਪੀ ਗਰੇਵਾਲ- ਸੰਧੂ ਇਕ ਘੈਂਟ ਇਨਸਾਨ ਹੈ। ਸੰਧੂ ਮੇਰੇ ਅਸਲ ਕਿਰਦਾਰ ਨਾਲੋਂ ਕਾਫੀ ਵੱਖਰਾ ਹੈ। ਮੈਂ ਅਸਲ ਜ਼ਿੰਦਗੀ ’ਚ ਕਾਫੀ ਗੱਲਾਂ ਕਰਦਾ ਹਾਂ ਤੇ ਮੈਨੂੰ ਚੁੱਪ ਰਹਿਣਾ ਪਸੰਦ ਨਹੀਂ ਤੇ ਸੰਧੂ ਅਜਿਹਾ ਇਨਸਾਨ ਹੈ, ਜੋ ਬਹੁਤ ਘੱਟ ਬੋਲਦਾ ਹੈ ਤੇ ਜਦੋਂ ਬੋਲਦਾ ਹੈ ਤਾਂ ਡਾਇਲਾਗ ਹੀ ਮਾਰਦਾ ਹੈ। ਸੰਧੂ ਅੜਬ ਕਿਸਮ ਦਾ ਬੰਦਾ ਹੈ, ਬਹੁਤੀ ਗੱਲਬਾਤ ਉਸ ਨੂੰ ਪਸੰਦ ਨਹੀਂ। ਹੱਸ ਕੇ ਮਜ਼ਾਕ ਕਰ ਕੇ ਉਸ ਨੂੰ ਗੱਲ ਨਹੀਂ ਕਰਨੀ ਆਉਂਦੀ। ਹਾਸਾ ਵੀ ਉਸ ਨੂੰ ਕਦੇ-ਕਦੇ ਹੀ ਆਉਂਦਾ ਹੈ।

ਸਵਾਲ- ਗਿੱਲ ਦੇ ਕਿਰਦਾਰ ਬਾਰੇ ਕੁਝ ਦੱਸੋ?

ਰੌਸ਼ਨ ਪ੍ਰਿੰਸ- ਗਿੱਲ ਬੜਬੋਲੇ ਕਿਸਮ ਦਾ ਮੁੰਡਾ ਹੈ, ਜੋ ਮੂੰਹ ’ਚ ਆਇਆ, ਉਹ ਬੋਲ ਦਿੰਦਾ ਹੈ। ਉਹ ਸੰਧੂ ਤੋਂ ਬਿਲਕੁਲ ਉਲਟ ਹੈ। ਘੈਂਟ ਬਿਲਕੁਲ ਨਹੀਂ ਪਰ ਘੈਂਟ ਬਣਨ ਦੀ ਕੋਸ਼ਿਸ਼ ਕਰਦਾ ਹੈ। ਉਸੇ ਚੱਕਰ ’ਚ ਉਹ ਮਾਰ ਵੀ ਖਾਂਦਾ ਹੈ ਪਰ ਸੰਧੂ ਉਸ ਨੂੰ ਸੰਭਾਲ ਲੈਂਦਾ ਹੈ।

ਸਵਾਲ- ਨੇਹਾ ਸ਼ਰਮਾ ਦੀ ਇਹ ਪਹਿਲੀ ਪੰਜਾਬੀ ਫਿਲਮ ਹੈ। ਉਨ੍ਹਾਂ ਨਾਲ ਕਿਸ ਤਰ੍ਹਾਂ ਦੀ ਕੈਮਿਸਟਰੀ ਰਹੀ?

ਗਿੱਪੀ ਗਰੇਵਾਲ- ਨੇਹਾ ਸ਼ਰਮਾ ਫਿਲਮ ’ਚ ਸਿਮਰਨ ਨਾਂ ਦੀ ਕੁੜੀ ਦਾ ਕਿਰਦਾਰ ਨਿਭਾਅ ਰਹੀ ਹੈ। ਪਹਿਲਾਂ ਇਸ ਕਿਰਦਾਰ ਲਈ ਪੰਜਾਬ ’ਚੋਂ ਕੋਈ ਨਵਾਂ ਚਿਹਰਾ ਲੈਣ ਦੀ ਸਲਾਹ ਬਣ ਰਹੀ ਸੀ। ਇਸ ਲਈ ਅਸੀਂ ਆਡੀਸ਼ਨ ਵੀ ਕੀਤੇ ਪਰ ਵੱਡੇ ਬਜਟ ਦੀ ਫਿਲਮ ਹੋਣ ਕਰ ਕੇ ਨਿੱਕੀ-ਮੋਟੀ ਗੱਲ ਤੋਂ ਰਿਸਕ ਨਹੀਂ ਲੈਣਾ ਚਾਹੁੰਦੇ ਸੀ। ਜਦੋਂ ਨੇਹਾ ਨਾਲ ਗੱਲ ਹੋਈ ਤਾਂ ਉਸ ਨੇ ਕਿਹਾ ਕਿ ਉਹ ਪੰਜਾਬੀ ਫਿਲਮ ਕਰਨਾ ਚਾਹੁੰਦੀ ਹੈ। ਨੇਹਾ ਨੇ ਇਸ ਲਈ ਮਿਹਨਤ ਕੀਤੀ। ਕਿਰਦਾਰ ਲਈ ਆਪਣੇ-ਆਪ ਨੂੰ ਸਮਾਂ ਦਿੱਤਾ, ਡਾਇਲਾਗਸ ਯਾਦ ਕੀਤੇ ਤੇ ਵੱਡੀ ਗੱਲ ਕਿਰਦਾਰ ਦੇ ਜਜ਼ਬਾਤ ਵੀ ਸਮਝੇ।

ਸਵਾਲ- ਰਾਕੇਸ਼ ਮਹਿਤਾ ਕਿਸ ਤਰ੍ਹਾਂ ਦੇ ਡਾਇਰੈਕਟਰ ਹਨ?

ਗਿੱਪੀ ਗਰੇਵਾਲ- ਰਾਕੇਸ਼ ਮਹਿਤਾ ਵੱਡੇ ਕੈਨਵਸ ਦੇ ਡਾਇਰੈਕਟਰ ਹਨ, ਜਿਨ੍ਹਾਂ ਨੂੰ ਵਿਜ਼ੂਅਲ ਦਿਖਾਉਣਾ ਆਉਂਦਾ ਹੈ। ਫਿਲਮ ਦੀ ਕਹਾਣੀ ਤੁਹਾਨੂੰ ਸਾਰੇ ਦੱਸ ਦਿੰਦੇ ਹਨ ਪਰ ਉਸ ਨੂੰ ਦਿਮਾਗ ’ਚ ਰੱਖ ਕੇ ਉਸੇ ਤਰ੍ਹਾਂ ਡਾਇਰੈਕਟ ਕਰਨਾ ਮੁਸ਼ਕਿਲ ਹੁੰਦਾ ਹੈ। ਇਕੱਲੇ-ਇਕੱਲੇ ਕਿਰਦਾਰ 'ਤੇ ਉਨ੍ਹਾਂ ਨੇ ਇੰਨਾ ਕੰਮ ਕੀਤਾ ਹੈ ਕਿ ਕਿਰਦਾਰ ਦੇਖ ਕੇ ਪਤਾ ਲੱਗ ਜਾਂਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਹੈ। ਮੈਂ ਉਨ੍ਹਾਂ ਦੇ ਕੰਮ ਤੋਂ ਬਹੁਤ ਖੁਸ਼ ਹਾਂ।

ਸਵਾਲ- ਹਿੱਟ ਜਾਂ ਫਲਾਪ ਫਿਲਮਾਂ ਦਾ ਤੁਹਾਡੇ ’ਤੇ ਕੋਈ ਅਸਰ ਪੈਂਦਾ ਹੈ?

ਗਿੱਪੀ ਗਰੇਵਾਲ- ਦੇਖੋ, ਜੇ ਕੋਈ ਚੀਜ਼ ਹਿੱਟ ਹੋ ਜਾਂਦੀ ਹੈ ਤਾਂ ਤੁਹਾਡੀ ਅੱਗੋਂ ਕੋਸ਼ਿਸ਼ ਰਹਿੰਦੀ ਹੈ ਕਿ ਤੁਸੀਂ ਪਿਛਲੀ ਫਿਲਮ ਨਾਲੋਂ ਵਧੀਆ ਕੰਮ ਕਰਨਾ ਹੈ ਤੇ ਜੇਕਰ ਤੁਹਾਡੀ ਕੋਈ ਫਿਲਮ ਫਲਾਪ ਹੋ ਜਾਂਦੀ ਹੈ ਤਾਂ ਵੀ ਤੁਹਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅੱਗੇ ਵਧੀਆ ਕੰਮ ਕਰਨਾ ਹੈ। ਇਸ ਲਈ ਜੋ ਕੰਮ ਅਸੀਂ ਕਰਦੇ ਹਾਂ, ਅਸੀਂ ਤਾਂ ਵਧੀਆ ਕਰਨ ਬਾਰੇ ਹੀ ਸੋਚਦੇ ਹਾਂ। ਹਿੱਟ-ਫਲਾਪ ਦਰਸ਼ਕਾਂ ਦੇ ਹੱਥ ’ਚ ਹੁੰਦਾ ਹੈ।

ਕੋਟ—

‘ਕਾਲਜ ਦੀ ਜ਼ਿੰਦਗੀ ਤੇ ਪ੍ਰੇਮ ਕਹਾਣੀਆਂ ’ਤੇ ਕਈ ਫਿਲਮਾਂ ਬਣ ਚੁੱਕੀਆਂ ਹਨ ਪਰ ਉਨ੍ਹਾਂ ’ਚ ਯੂਨੀਵਰਸਿਟੀਜ਼ ਤੇ ਰਾਜਨੀਤੀ ਦੇ ਅੰਦਰਲੇ ਮੁੱਦਿਆਂ ਨੂੰ ਜ਼ਿਆਦਾ ਹਾਈਲਾਈਟ ਕਰ ਕੇ ਨਹੀਂ ਦਿਖਾਇਆ ਗਿਆ। ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ‘ਮੇਲ ਕਰਾਦੇ ਰੱਬਾ’ ਫਿਲਮ ਤੋਂ ਕੀਤੀ ਸੀ, ਜਿਸ ਵਿਚ ਕਾਲਜ ਦੀ ਜ਼ਿੰਦਗੀ ਦਿਖਾਈ ਗਈ ਪਰ ਰਾਜਨੀਤੀ ਨਹੀਂ। ਇਸ ਫਿਲਮ ’ਚ ਰਾਜਨੀਤੀ ਵੱਡਾ ਫੈਕਟਰ ਹੈ ਤੇ ਵੋਟਾਂ ਦੌਰਾਨ ਵਿਦਿਆਰਥੀ ਕੀ-ਕੀ ਕਰਦੇ ਹਨ, ਉਹ ਸਾਰਾ ਕੁਝ ਫਿਲਮ ’ਚ ਦਿਖਾਇਆ ਗਿਆ ਹੈ।’


Tags: Ik Sandhu Hunda SiNeha SharmaGippy GrewalMukul DevPavan MalhotraBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari