FacebookTwitterg+Mail

ਗਿੱਪੀ ਗਰੇਵਾਲ ਦੀ ਫਿਲਮ ‘ਇਕ ਸੰਧੂ ਹੁੰਦਾ ਸੀ’ ਨੂੰ ਦਰਸ਼ਕਾਂ ਵੱਲੋਂ ਮਿਲ ਰਿਹੈ ਭਰਵਾਂ ਹੁੰਗਾਰਾ

ik sandhu hunda si
01 March, 2020 09:34:20 AM

ਜਲੰਧਰ(ਬਿਊਰੋ)- ਗਿੱਪੀ ਗਰੇਵਾਲ ਆਪਣੀ ਹਰ ਫਿਲਮ ਨਾਲ ਕੁਝ ਨਾ ਕੁਝ ਵੱਖਰਾ ਲੈ ਕੇ ਆਉਂਦੇ ਹਨ। ਇਸ ਵਾਰ ਉਹ ਐਕਸ਼ਨ-ਰੋਮਾਂਸ ਫਿਲਮ ‘ਇਕ ਸੰਧੂ ਹੁੰਦਾ ਸੀ’ ਨਾਲ ਦਰਸ਼ਕਾਂ ਦੀ ਕਚਹਿਰੀ ’ਚ ਹਾਜ਼ਰ ਹੋਏ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਹੁੰਗਾਰਾ ਵੀ ਵਧੀਆ ਮਿਲ ਰਿਹਾ ਹੈ। ‘ਇਕ ਸੰਧੂ ਹੁੰਦਾ ਸੀ’ ਫਿਲਮ ’ਚ ਗਿੱਪੀ ਗਰੇਵਾਲ ਰਾਜਵੀਰ ਸੰਧੂ ਨਾਂ ਦੇ ਮੁੰਡੇ ਦਾ ਕਿਰਦਾਰ ਨਿਭਾਅ ਰਹੇ ਹਨ, ਜਿਸ ਨੂੰ ਸਿਮਰਨ ਨਾਂ ਦੀ ਕੁੜੀ ਨਾਲ ਪਿਆਰ ਹੋ ਜਾਂਦਾ ਹੈ ਤੇ ਇਸ ਕਿਰਦਾਰ ਨੂੰ ਨਿਭਾਇਆ ਹੈ ਨੇਹਾ ਸ਼ਰਮਾ ਨੇ। ਨੇਹਾ ਸ਼ਰਮਾ ਦੀ ਇਹ ਪਹਿਲੀ ਪੰਜਾਬੀ ਫਿਲਮ ਹੈ ਤੇ ਗਿੱਪੀ ਗਰੇਵਾਲ ਨਾਲ ਫਿਲਮ ’ਚ ਉਸ ਦੀ ਕੈਮਿਸਟਰੀ ਵਧੀਆ ਲੱਗ ਰਹੀ ਹੈ।

ਫਿਲਮ ’ਚ ਰੌਸ਼ਨ ਪ੍ਰਿੰਸ ਤੇ ਧੀਰਜ ਕੁਮਾਰ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ, ਜੋ ਫਿਲਮ ’ਚ ਗਿੱਪੀ ਗਰੇਵਾਲ ਦੇ ਦੋਸਤ ਬਣੇ ਹਨ। ਉਥੇ ਪਵਨ ਮਲਹੋਤਰਾ ਤੇ ਵਿਕਰਮਜੀਤ ਸਿੰਘ ਵਿਰਕ ਨੈਗੇਟਿਵ ਕਿਰਦਾਰ ਨਿਭਾਅ ਰਹੇ ਹਨ, ਜਿਨ੍ਹਾਂ ਨੇ ਫਿਲਮ ’ਚ ਨੇਹਾ ਸ਼ਰਮਾ ਦੇ ਭਰਾਵਾਂ ਦੀ ਭੂਮਿਕਾ ਨਿਭਾਈ ਹੈ। ਇਨ੍ਹਾਂ ਤੋਂ ਇਲਾਵਾ ਬੱਬਲ ਰਾਏ, ਰਘਵੀਰ ਬੋਲੀ, ਜਸਪ੍ਰੇਮ ਢਿੱਲੋਂ ਤੇ ਅਨਮੋਲ ਕਵਾਤਰਾ ਸਮੇਤ ਕਈ ਹੋਰ ਸਿਤਾਰੇ ਵੀ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆ ਰਹੇ ਹਨ।

ਫਿਲਮ ਨੂੰ ਰਾਕੇਸ਼ ਮਹਿਤਾ ਨੇ ਡਾਇਰੈਕਟ ਕੀਤਾ ਹੈ ਤੇ ਉਨ੍ਹਾਂ ਦੇ ਡਾਇਰੈਕਸ਼ਨ ਦੀ ਇਹ ਸਭ ਤੋਂ ਸ਼ਾਨਦਾਰ ਫਿਲਮ ਕਹੀ ਜਾ ਸਕਦੀ ਹੈ। ਇਕ-ਇਕ ਦ੍ਰਿਸ਼ ਨੂੰ ਵੱਡੇ ਪੱਧਰ ’ਤੇ ਫਿਲਮਾਇਆ ਗਿਆ ਹੈ ਤੇ ਮਲਟੀ ਸਟਾਰਰ ਇਸ ਫਿਲਮ ’ਚ ਜਿਵੇਂ ਉਨ੍ਹਾਂ ਨੇ ਹਰ ਕਿਰਦਾਰ ਦੀ ਅਹਿਮੀਅਤ ਦਿਖਾਈ ਹੈ, ਉਹ ਵੀ ਕਾਬਿਲ-ਏ-ਤਾਰੀਫ ਹੈ। ਫਿਲਮ ਦੀ ਕਹਾਣੀ ਜੱਸ ਗਰੇਵਾਲ ਨੇ ਲਿਖੀ ਹੈ। ਫਿਲਮ ’ਚ ਜਿਥੇ ਰੋਮਾਂਸ ਦਿਖਾਇਆ ਗਿਆ ਹੈ, ਉਥੇ ਯੂਨੀਵਰਸਿਟੀ ਦੀਆਂ ਚੋਣਾਂ ’ਚ ਹੁੰਦੇ ਵਿਵਾਦ, ਰਾਜਨੇਤਾਵਾਂ ਦੀ ਇਨ੍ਹਾਂ ਚੋਣਾਂ ’ਚ ਸ਼ਮੂਲੀਅਤ ਆਦਿ ਚੀਜ਼ਾਂ ਵੀ ਬਿਆਨ ਕੀਤੀਆਂ ਗਈਆਂ ਹਨ। ਫਿਲਮ ਨੂੰ ਪ੍ਰੋਡਿਊਸ ਬੱਲੀ ਸਿੰਘ ਕੱਕੜ ਨੇ ਕੀਤਾ ਹੈ।


Tags: Ik Sandhu Hunda SiGippy GrewalNeha SharmaMukul DevPavan Malhotra

About The Author

manju bala

manju bala is content editor at Punjab Kesari