ਗੋਆ (ਕੁਲਦੀਪ ਸਿੰਘ ਬੇਦੀ) – 50ਵੇਂ ਅੰਤਰਰਾਸ਼ਟਰੀ ਫਿਲਮ ਮੇਲੇ ਵਿਚ ਇੰਟਰਨੈਸ਼ਨਲ ਪੈਨੋਰਮਾ ਵਿਚਲੀਆਂ ਫਿਲਮਾਂ ਦਾ ਵਿਸ਼ਲੇਸ਼ਣ ਕੀਤਾ ਜਾਏ ਤਾਂ ਜੋ ਯੂਰਪ ਅਤੇ ਯੂ. ਕੇ. ਦੀਆਂ ਅਣਗਿਣਤ ਫਿਲਮਾਂ ਇਸ ਫੈਸਟੀਵਲ ਵਿਚ ਸ਼ਾਮਲ ਕੀਤੀਆਂ ਜਾ ਸਕਣ। ਇਥੋਂ ਤਕ ਕਿ ਭਾਰਤ ਦੇ ਉੱਤਰ ਪ੍ਰਦੇਸ਼ ’ਚ ਔਰਤਾਂ ਦੀ ਸਥਿਤੀ ਬਾਰੇ ਦਿਖਾਈ ਗਈ ਫਿਲਮ- ‘ਪਿੰਕ ਸਾੜ੍ਹੀਜ਼’ ਵੀ ਯੂ. ਕੇ. ਵਲੋਂ ਹੀ ਸ਼ਾਮਲ ਹੋਈ। ਇਸ ਫੈਸਟੀਵਲ ਵਿਚ ਤਿੰਨ ਫਿਲਮਾਂ ਨੂੰ ਵਿਸ਼ੇਸ਼ ਮੰਨਿਆ ਗਿਆ ਹੈ। ਓਪਨਿੰਗ, ਮਿਡ ਅਤੇ ਕਲੋਜ਼ਿੰਗ ਫਿਲਮਾਂ ਦੀ ਚੋਣ ਕਰਨ ਲੱਗਿਆ ਚੋਣ ਕਮੇਟੀ ਬਹੁਤ ਕੁਝ ਦੇਖਦੀ ਹੈ।
ਓਪਨਿੰਗ ਫਿਲਮ ‘ਇਟਲੀ’ ਦੀ ‘ਡਿਸਪਾਈਟ ਦਿ ਫੌਗ’ ਸੀ, ਜਿਸ ਬਾਰੇ ਪਹਿਲਾਂ ਹੀ ਖਬਰਾਂ ’ਚ ਲਿਖਿਆ ਜਾ ਚੁੱਕਾ ਹੈ। ਮਿਡ ਫਿਲਮ, ਜੋ ਮੇਲੇ ਦੇ ਅੱਧ ਵਿਚਕਾਰ ਦਿਖਾਈ ਗਈ, ਉਹ ਜਰਮਨੀ ‘ਟ੍ਰੋਮ ਫੈਬਰਿਕ’ ਹੈ, ਜਿਸ ਦਾ ਨਿਰਦੇਸ਼ਨ ਮਾਰਟਿਨ ਸ਼ਰੀਅਰ ਨੇ ਕੀਤਾ ਹੈ, ਜੋ 1980 ਵਿਚ ਜੰਮਿਆ ਅਤੇ ਉਸ ਦੀ ਉਮਰ 39 ਸਾਲ ਹੈ। ਇਸ ਫਿਲਮੀ ਮੇਲੇ ਲਈ ਜਿਸ ਕਲੋਜ਼ਿੰਗ ਫਿਲਮ ਨੂੰ ਚੁਣਿਆ ਗਿਆ ਹੈ, ਉਹ ਯੂ. ਕੇ. ਦੀ ‘ਮਾਰਘੇ ਐੈਂਡ ਹਰ ਮਰਦ’ (Marghe and her mother) ਹੈ, ਜਿਸ ਨੂੰ ਮੋਹਸਿਨ ਮਖਮਲਬਫ ਨੇ ਡਾਇਰੈਕਟ ਕੀਤਾ ਹੈ।
‘ਟ੍ਰੋਮ ਫੈਬਰਿਕ’ 1961 ਵਿਚ ਬਣੀ ਫਿਲਮ ਹੈ, ਜੋ ਕਿ ਅਜਿਹੇ ਨੌਜਵਾਨ ’ਤੇ ਆਧਾਰਿਤ ਹੈ, ਜੋ ਇਕ ਫਿਲਮ ਸਟੂਡੀਓ ਵਿਚ ਐਕਸਟਰਾ ਵਜੋਂ ਕੰਮ ਕਰਦਾ ਹੈ। ਉਸ ਦਾ ਫਰੈਂਚ ਡਾਂਸਰ ਨਾਲ ਪਿਆਰ ਹੋ ਜਾਂਦਾ ਹੈ। ਦੋਵੇਂ ਇਕ-ਦੂਜੇ ਨਾਲ ਅਥਾਹ ਮੁਹੱਬਤ ਕਰਦੇ ਹਨ ਪਰ ਉਦੋਂ ਹੀ ਬਰਲਿਨ ਦੀ ਦੀਵਾਰ ਖੜ੍ਹੀ ਹੋ ਜਾਂਦੀ ਹੈ ਅਤੇ ਇਹ ਦੀਵਾਰ ਦੋਵਾਂ ਨੂੰ ਅੱਡ ਅੱਡ ਕਰ ਦਿੰਦੀ ਹੈ। ਪਹਿਲਾਂ ਤਾਂ ਇੰਝ ਜਾਪਦਾ ਹੈ ਕਿ ਉਹ ਦੋਵੇਂ ਮੁੜ ਕੇ ਕਦੇ ਇਕੱਠੇ ਨਹੀਂ ਹੋ ਸਕਣਗੇ। ਫਿਰ ਉਸ ਨੌਜਵਾਨ ਨੂੰ ਇਕ ਮੂਵੀ ਬਣਾਉਣ ਦਾ ਵਿਚਾਰ ਆਉਂਦਾ ਹੈ। ਇਸੇ ਮੂਵੀ ਦੌਰਾਨ ਦੋਵਾਂ ਦੀ ਮੁਲਾਕਾਤ ਇਕ ਵਾਰ ਫਿਰ ਹੋ ਜਾਂਦੀ ਹੈ। ਫਿਲਮ ਦੇ ਨਿਰਦੇਸ਼ਕ ਮਾਰਟਿਨ ਨੇ ਫਿਲਮਾਂ ਬਣਾਉਣੀਆਂ ਉਦੋਂ ਹੀ ਸ਼ੁਰੂ ਕਰ ਦਿੱਤੀਆਂ ਸਨ, ਜਦੋਂ ਉਹ ਪ੍ਰਾਇਮਰੀ ਸਕੂਲ ’ਚ ਪੜ੍ਹਦਾ ਸੀ। ਪਿਛਲੇ ਦਸਾਂ ਸਾਲਾਂ ਵਿਚ ਮਾਰਟਿਨ ਦੀ ਇਹ ਚੌਥੀ ਫਿਲਮ ਹੈ।
‘ਮਾਰਘੇ ਐਂਡ ਹਰ ਮਦਰ’ 22 ਸਾਲਾ ਸਿੰਗਲ ਮਦਰ ਦੀ ਕਹਾਣੀ ਹੈ, ਜੋ ਆਪਣੀ 6 ਸਾਲਾ ਧੀ ਮਾਰਘੇ ਨਾਲ ਰਹਿੰਦੀ ਹੈ। ਜਦੋਂ ਉਸ ਔਰਤ ਕੋਲੋਂ ਘਰ ਦਾ ਕਿਰਾਇਆ ਨਹੀਂ ਦੇ ਹੁੰਦਾ ਤਾਂ ਉਸ ਕੋਲੋਂ ਘਰ ਖਾਲੀ ਕਰਵਾ ਲਿਆ ਜਾਂਦਾ ਹੈ। ਉਹ ਔਰਤ ਜੌਬ ਦੀ ਤਲਾਸ਼ ਵਿਚ ਨਿਕਲਦੀ ਹੈ ਅਤੇ ਆਪਣੀ ਧੀ ਨੂੰ ਇਕ ਗਰਭਵਤੀ ਔਰਤ ਕੋਲ ਛੱਡ ਜਾਂਦੀ ਹੈ। ਫਿਰ ਉਸ ਦੀ ਮੁਲਾਕਾਤ ਇਕ ਫਿਲਮ ਮੇਕਰ ਨਾਲ ਹੁੰਦੀ ਹੈ। ਉਹ ਔਰਤ ਚਾਹੁੰਦੀ ਹੈ ਕਿ ਉਸ ਨੂੰ ਫਿਲਮ ਵਿਚ ਕੰਮ ਕਰਨ ਦਾ ਮੌਕਾ ਮਿਲੇ ਪਰ ਇਹ ਸੰਭਵ ਨਹੀਂ ਹੁੰਦਾ। ਨਿਰਦੇਸ਼ਕ ਮੋਹਸਿਨ ਈਰਾਨੀ ਸਿਨੇਮੇ ’ਚ ਇਕ ਵੱਡਾ ਨਾਂ ਹੈ, ਜਿਸ ਨੇ ਹੁਣ ਤਕ 30 ਪੁਸਤਕਾਂ ਲਿਖੀਆਂ ਅਤੇ 27 ਫਿਲਮਾਂ ਡਾਇਰੈਕਟ ਕੀਤੀਆਂ। ਇਹ ਫਿਲਮਾਂ ਉਸ ਨੇ ਏਸ਼ੀਆ ਅਤੇ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿਚ ਬਣਾਈਆਂ।