ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਐਕਟਰ ਇਰਫਾਨ ਖਾਨ ਤੇ ਉਨ੍ਹਾਂ ਦਾ ਪਰਿਵਾਰ ਇਸ ਸਮੇਂ ਬੁਰੇ ਦੌਰ 'ਚੋਂ ਗੁਜਰ ਰਿਹਾ ਹੈ। ਇਰਫਾਨ ਖਾਨ ਪਿਛਲੇ 3 ਮਹੀਨਿਆਂ ਤੋਂ ਨਿਊਰੋਐਂਡੋਕ੍ਰਾਈਨ ਕੈਂਸਰ ਨਾਲ ਲੜ ਰਹੇ ਹਨ। ਇਸ ਬੀਮਾਰੀ ਨਾਲ ਸਰੀਰ 'ਚ ਟਿਊਮਰ ਬਣ ਜਾਂਦੇ ਹਨ। ਇਰਫਾਨ ਖਾਨ ਲੰਡਨ 'ਚ ਆਪਣਾ ਇਲਾਜ ਕਰਵਾ ਰਹੇ ਹਨ। ਅਜਿਹੇ ਸਮੇਂ 'ਚ ਬਾਲੀਵੁੱਡ ਦਾ ਹਰ ਛੋਟਾ-ਵੱਡਾ ਕਲਾਕਾਰ ਇਰਫਨਾ ਦੀ ਮਦਦ ਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰ ਰਿਹਾ ਹੈ ਪਰ ਸ਼ਾਹਰੁਖ ਖਾਨ ਨੇ ਜੋ ਇਰਫਾਨ ਖਾਨ ਲਈ ਕੀਤਾ ਹੈ ਉਹ ਬਹੁਤ ਘੱਟ ਲੋਕ ਹੀ ਕਰਦੇ ਹਨ।

ਖਬਰਾਂ ਮੁਤਾਬਕ, ਲੰਡਨ ਲਈ ਰਵਾਨਾ ਹੋਣ ਤੋਂ ਪਹਿਲਾਂ ਇਰਫਾਨ ਖਾਨ ਦੀ ਪਤਨੀ ਸੁਤਾਪਾ ਨੇ ਸ਼ਾਹਰੁਖ ਖਾਨ ਨੂੰ ਫੋਨ ਕੀਤਾ ਸੀ ਤੇ ਉਨ੍ਹਾਂ ਨੇ ਕਿਹਾ ਸੀ ਕਿ ਇਰਫਾਨ ਖਾਨ ਇਕ ਵਾਰ ਤੁਹਾਨੂੰ ਮਿਲਣਾ ਚਾਹੁੰਦਾ ਹੈ। ਸੁਤਾਪਾ ਨੇ ਸ਼ਾਹਰੁਖ ਨੂੰ ਆਪਣੇ ਮੁੰਬਈ ਸਥਿਤ ਮਧ ਆਈਲੈਂਡ ਨਿਵਾਸ 'ਤੇ ਬੁਲਾਇਆ।

ਇਰਫਾਨ ਖਾਨ ਦੇ ਘਰ ਤੋਂ ਕੁਝ ਹੀ ਦੂਰੀ 'ਤੇ ਮਹਿਬੂਬ ਸਟੂਡੀਓ ਦੀ ਸ਼ੂਟਿੰਗ ਕਰ ਰਹੇ ਸ਼ਾਹਰੁਖ ਖਾਨ ਉਨ੍ਹਾਂ ਨੂੰ ਮਿਲਣ ਪਹੁੰਚੇ। ਦੋਵਾਂ ਨੇ ਦੋ ਘੰਟੇ ਇਕੱਠੇ ਬਿਤਾਏ। ਇਸ ਦੌਰਾਨ ਨਾ ਸਿਰਫ ਸ਼ਾਹਰੁਖ ਨੇ ਇਰਫਾਨ ਖਾਨ ਨੂੰ ਹੌਂਸਲਾ ਦਿੱਤਾ ਸਗੋਂ ਉਨ੍ਹਾਂ ਨੂੰ ਆਪਣੇ ਲੰਡਨ ਵਾਲੇ ਘਰ ਦੀ ਚਾਬੀ ਵੀ ਦਿੱਤੀ।

ਕਾਫੀ ਜਿਦ ਕਰਨ ਤੋਂ ਬਾਅਦ ਇਰਫਾਨ ਖਾਨ ਇਸ ਨੂੰ ਸਵੀਕਾਰ ਕੀਤਾ ਸੀ। ਸ਼ਾਹਰੁਖ ਖਾਨ ਦਾ ਮੰਨਣਾ ਸੀ ਕਿ ਇਰਫਾਨ ਖਾਨ ਦਾ ਪਰਿਵਾਰ ਆਪਣੇ ਘਰ ਵਰਗਾ ਹੀ ਮਹਿਸੂਸ ਹੋਵੇਗਾ। ਇਰਫਾਨ ਸ਼ਾਹਰੁਖ ਨੂੰ ਆਪਣਾ ਬੇਹੱਦ ਕਰੀਬੀ ਮੰਨਦੇ ਹਨ। ਸ਼ਾਹਰੁਖ ਖਾਨ ਵਲੋਂ ਇਰਫਾਨ ਖਾਨ ਦੀ ਕੀਤੀ ਮਦਦ ਦੀ ਚਾਰੇ ਪਾਸੇ ਕਾਫੀ ਚਰਚਾ ਹੋ ਰਹੀ ਹੈ। ਸ਼ਾਹਰੁਖ ਦੀ ਇਸ ਮਦਦ ਨਾਲ ਇਰਫਾਨ ਖਾਨ ਦੇ ਫੈਨਜ਼ ਵੀ ਕਾਫੀ ਖੁਸ਼ ਹਨ।
ਦੱਸਣਯੋਗ ਹੈ ਕਿ ਲੰਡਨ 'ਚ ਇਰਫਾਨ ਖਾਨ ਨਾਲ ਮੁਲਾਕਾਤ ਕਰ ਕੇ ਆਏ ਉਨ੍ਹਾਂ ਦੇ ਇਕ ਦੋਸਤ ਨੇ ਦੱਸਿਆ ਕਿ ਇਰਫਾਨ ਦੀ ਸਿਹਤ 'ਚ ਪਹਿਲਾਂ ਨਾਲੋਂ ਕਾਫੀ ਸੁਧਾਰ ਹੈ। ਉਨ੍ਹਾਂ ਦੀ ਰਿਕਵਰੀ ਦੀ ਗਤੀ ਧੀਮੀ ਹੈ ਪਰ ਇਸ ਸਾਲ ਦੇ ਅੰਤ ਤੱਕ ਉਹ ਭਾਰਤ ਆ ਸਕਦੇ ਹਨ।