FacebookTwitterg+Mail

ਅਮਿਤਾਭ ਤੋਂ ਅਕਸ਼ੈ ਕੁਮਾਰ ਤਕ, ਨਮ ਅੱਖਾਂ ਨਾਲ ਸਿਤਾਰਿਆਂ ਨੇ ਦਿੱਤੀ ਇਰਫਾਨ ਖਾਨ ਨੂੰ ਸ਼ਰਧਾਂਜਲੀ

irfan khans death bollywood expressed its grief
29 April, 2020 02:11:12 PM

ਜਲੰਧਰ (ਵੈੱਬ ਡੈਸਕ) - ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਇਰਫਾਨ ਖਾਨ ਦਾ ਅੱਜ ਮੁੰਬਈ ਵਿਚ ਦਿਹਾਂਤ ਹੋ ਗਿਆ ਹੈ। ਇਰਫਾਨ ਖਾਨ ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਲੜ ਰਹੇ ਸਨ। ਬੀਤੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਦੱਸ ਦੇਈਏ ਕਿ ਇਰਫਾਨ ਖਾਨ ਦੀਆਂ ਅੰਤੜੀਆਂ (ਆਂਦਰਾਂ) ਵਿਚ ਕਾਫੀ ਦਰਦ ਅਤੇ ਸੋਜ ਸੀ, ਜਿਸ ਕਰਕੇ ਉਨ੍ਹਾਂ ਨੂੰ ਸਾਹ ਲੈਣ ਵਿਚ ਵੀ ਕਾਫੀ ਮੁਸ਼ਕਿਲ ਹੋ ਰਹੀ ਸੀ। ਇਸੇ ਵਜ੍ਹਾ ਕਰਕੇ ਉਨ੍ਹਾਂ ਨੂੰ ਆਈ.ਸੀ.ਯੂ. ਵਿਚ ਦਾਖਲ ਕਰਾਉਣਾ ਪਿਆ ਸੀ। ਉਨ੍ਹਾਂ ਦੀ ਮੌਤ 'ਤੇ ਪੂਰਾ ਬਾਲੀਵੁੱਡ ਜਗਤ ਸੋਗ ਵਿਚ ਡੁੱਬਿਆ ਹੋਇਆ ਹੈ ਅਤੇ ਹਰ ਕੋਈ ਉਨ੍ਹਾਂ ਨੂੰ ਨਮ ਅੱਖਾਂ ਨਾਲ ਆਪਣੇ -ਆਪਣੇ ਟਵਿਟਰ ਅਕਾਊਂਟ 'ਤੇ ਸ਼ਰਧਾਂਜਲੀ ਦੇ ਰਹੇ ਹਨ।

ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਨੇ ਟਵੀਟ ਕਰਦੇ ਹੋਏ ਲਿਖਿਆ, ''ਮੈਨੂੰ ਹੁਣੇ ਹੀ ਇਹ ਦੁਖਦਾਈ ਖਬਰ ਮਿਲੀ ਹੈ। ਇਹ ਪ੍ਰੇਸ਼ਾਨ ਕਰਨ ਵਾਲੀ ਅਤੇ ਦੁਖਦਾਈ ਖ਼ਬਰ ਹੈ। ਇਕ ਸ਼ਾਨਦਾਰ ਪ੍ਰਤਿਭਾ, ਇਕ ਮਹਾਨ ਸਹਿਯੋਗੀ, ਸਿਨੇਮਾ ਦੀ ਦੁਨੀਆ ਵਿਚ ਬਹੁਤ ਵੱਡਾ ਯੋਗਦਾਨ ਪਾਉਣ ਵਾਲਾ, ਸਾਨੂੰ ਬਹੁਤ ਜਲਦੀ ਛੱਡ ਗਿਆ।''  

ਅਕਸ਼ੈ ਕੁਮਾਰ ਨੇ ਟਵੀਟ ਕਰਦੇ ਹੋਏ ਲਿਖਿਆ, ''ਇਹ ਭਿਆਨਕ ਖਬਰ ਹੈ, ਸਾਡੇ ਸਮੇਂ ਦੇ ਸਰਬੋਤਮ ਅਦਾਕਾਰਾਂ ਵਿਚੋਂ ਇਕ ਇਰਫਾਨ ਖਾਨ ਦੇ ਦਿਹਾਂਤ ਬਾਰੇ ਸੁਣ ਕੇ ਦੁਖੀ ਹਾਂ।  ਪ੍ਰਮਾਤਮਾ ਇਸ ਮੁਸ਼ਕਿਲ ਸਮੇਂ ਵਿਚ ਉਨ੍ਹਾਂ ਦੇ ਪਰਿਵਾਰ ਨੂੰ ਤਾਕਤ ਬਖਸ਼ੇ।''

ਅਭਿਨੇਤਾ ਅਨੁਪਮ ਖੇਰ ਨੇ ਕਿਹਾ, ''ਇਕ ਪਿਆਰਾ ਮਿੱਤਰ, ਇਕ ਉੱਤਮ ਅਦਾਕਾਰ ਤੇ ਇਕ ਸ਼ਾਨਦਾਰ ਵਿਅਕਤੀ, ਇਰਫਾਨ ਖਾਨ ਦੀ ਮੌਤ ਦੀ ਖਬਰ ਤੋਂ ਵੱਧ ਕੁਝ ਦੁਖਦਾਈ ਤੇ ਉਦਾਸ ਨਹੀਂ ਹੋ ਸਕਦਾ, ਉਦਾਸ ਦਿਨ !! ਉਸਦੀ ਆਤਮਾ ਨੂੰ ਸ਼ਾਂਤੀ ਮਿਲੇ।''  

ਦੱਸਣਯੋਗ ਹੈ ਕਿ ਇਰਫਾਨ ਖਾਨ ਨੇ ਨਿਊਰੋਏਂਡੋਕ੍ਰਾਇਨ ਟਿਊਮਰ ਦਾ ਇਲਾਜ ਲੰਡਨ ਵਿਚ ਕਰਵਾਇਆ। ਉਹ ਤਕਰੀਬਨ 1 ਸਾਲ ਲੰਡਨ ਵਿਚ ਰਹੇ। ਕੁਝ ਦਿਨ ਪਹਿਲਾਂ ਹੀ ਇਰਫਾਨ ਖਾਨ ਦੀ ਮਾਂ ਸੈਦਾ ਬੇਗਮ ਦਾ ਰਾਜਸਥਾਨ ਵਿਚ ਦੇਹਾਂਤ ਹੋ ਗਿਆ ਸੀ ਪਰ ਉਹ 'ਕੋਰੋਨਾ ਵਾਇਰਸ' ਕਾਰਨ ਲੱਗੇ ਕਰਫਿਊ ਕਰਕੇ ਮਾਂ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਨਹੀਂ ਹੋ ਸਕੇ। ਇਸ ਸਥਿਤੀ ਵਿਚ ਉਨ੍ਹਾਂ ਨੇ ਵੀਡੀਓ ਕਾਲ ਰਾਹੀਂ ਹੀ ਮਾਂ ਦੀ ਆਖਰੀ ਯਾਤਰਾ ਦੇਖੀ। 


Tags: Irfan KhanDeathAmitabh BachchanAkshay KumarAnupam Kher

About The Author

sunita

sunita is content editor at Punjab Kesari