ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਜੈਕੀ ਸ਼ਰਾਫ ਨੇ ਫਿਲਮ 'ਪਰਿੰਦਾ' ਦੀ ਸ਼ੂਟਿੰਗ ਦੌਰਾਨ ਅਨਿਲ ਕਪੂਰ ਨੂੰ 17 ਥੱਪੜ ਮਾਰੇ ਸਨ। ਕਲਰਸ ਇਨਫਿਨਿਟੀ ਚੈਨਲ 'ਤੇ 'ਬੀ. ਐੱਫ. ਐਕਸ ਵਿਦ ਵੋਗ' ਦੇ ਆਉਣ ਵਾਲੇ ਐਪੀਸੋਡ ਵਿਚ ਜੈਕੀ ਤੋਂ ਅਨਿਲ ਨਾਲ ਕੰਮ ਕਰਨ ਦੇ ਤਜ਼ਰਬੇ ਬਾਰੇ ਪੁੱਛਿਆ ਗਿਆ ਸੀ। ਜੈਕੀ ਸ਼ਰਾਫ ਅਤੇ ਅਨਿਲ ਕਪੂਰ ਦੀ ਜੋੜੀ ਬਾਲੀਵੁੱਡ ਵਿਚ ਸਦਾਬਹਾਰ ਨਾਇਕ ਜੋੜੀ ਦੇ ਤੌਰ 'ਤੇ ਸ਼ਾਮਲ ਕੀਤੀ ਜਾਂਦੀ ਹੈ। ਦੋਵੇ ਅਭਿਨੇਤਾਵਾਂ ਨੇ 'ਅੰਦਰ-ਬਾਹਰ', 'ਯੁੱਧ', 'ਕਰਮਾ', 'ਰਾਮ ਲਖਨ', 'ਕਾਲਾ ਬਾਜ਼ਾਰ', 'ਰੂਪ ਕੀ ਰਾਨੀ', 'ਚੋਰੋਂ ਦਾ ਰਾਜਾ', 'ਤ੍ਰਿਮੂਰਤੀ', '1942 : ਏ ਲਵ ਸਟੋਰੀ', 'ਲੱਜਾ' ਅਤੇ 'ਕਭੀ ਹਾਂ-ਕਭੀ ਨਾਂਹ' ਵਰਗੀਆਂ ਫਿਲਮਾਂ ਵਿਚ ਕੰਮ ਕੀਤਾ ਹੈ।
ਜੈਕੀ ਸ਼ਰਾਫ ਨੇ ਅਨਿਲ ਕਪੂਰ ਨਾਲ ਸੁਪਰਹਿੱਟ ਫਿਲਮ 'ਪਰਿੰਦਾ' ਵਿਚ ਕੰਮ ਕੀਤਾ ਸੀ। ਇਸ ਫਿਲਮ ਵਿਚ ਜੈਕੀ ਨੇ ਅਨਿਲ ਨੂੰ 17 ਥੱਪੜ ਮਾਰੇ ਸਨ। ਜੈਕੀ ਨੇ ਥੱਪੜ ਮਾਰਨ ਵਾਲੇ ਇਕ ਦ੍ਰਿਸ਼ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਫਿਲਮ ਦੇ ਨਿਰਦੇਸ਼ਕ ਵਿਧੂ ਵਿਨੋਦ ਚੋਪੜਾ ਸੀਨ ਤੋਂ ਸੰਤੁਸ਼ਟ ਨਹੀਂ ਸਨ ਪਰ ਅਨਿਲ ਲਗਾਤਾਰ ਰੀਟੇਕ ਕਰਾਉਂਦਾ ਰਿਹਾ ਕਿਉਂਕਿ ਉਹ ਸਭ ਕੁਝ ਇਕਦਮ ਸਹੀ ਚਾਹੁੰਦੇ ਸਨ। ਜੈਕੀ ਨੇ ਕਿਹਾ, ''ਮੈਂ ਉਸ ਨੂੰ 17 ਥੱਪੜ ਮਾਰੇ ਪਰ ਇਹ ਇੰਨੇ ਵੀ ਜ਼ੋਰਦਾਰ ਨਹੀਂ ਸਨ ਕਿ ਉਹ (ਅਨਿਲ) ਡਿੱਗ ਜਾਂਦਾ।''