ਨਵੀਂ ਦਿੱਲੀ (ਬਿਊਰੋ) — ਹਾਲੀਵੁੱਡ ਅਦਾਕਾਰ ਵਿਲ ਸਮਿੱਥ ਦੇ ਬੇਟੇ ਨੇ ਜੇਡਨ ਸਮਿੱਥ ਨੇ ਬੀਤੇ ਦਿਨੀਂ ਆਪਣਾ 21ਵਾਂ ਜਨਮ ਦਿਨ ਬਹੁਤ ਹੀ ਵੱਖਰੇ ਤਰੀਕੇ ਨਾਲ ਮਨਾਇਆ ਹੈ। ਉਸ ਨੇ ਆਪਣੇ ਜਨਮਦਿਨ 'ਤੇ ਇਕ ਫੂਡ ਟਰੱਕ ਦੀ ਸ਼ੁਰੂਆਤ ਕੀਤੀ ਹੈ। ਜਿਹੜਾ ਥਾਂ ਥਾਂ ਤੇ ਜਾ ਕੇ ਗਰੀਬਾਂ ਨੂੰ ਮੁਫਤ ਖਾਣਾ ਉਪਲੱਬਧ ਕਰਵਾਉਂਦਾ ਹੈ। ਜੇਡਨ ਨੇ ਆਪਣੇ ਫੂਡ ਟਰੱਕ ਦਾ ਨਾਂ ਵੀ ਬਹੁਤ ਹੀ ਵੱਖਰਾ ਰੱਖਿਆ ਹੈ। ਉਸ ਨੇ ਆਪਣੇ ਟਰੱਕ ਦਾ ਨਾਂ 'ਆਈ ਲਵ ਯੂ' ਰੱਖਿਆ ਹੈ। ਜੇਡਨ ਦੀ ਇਸ ਸੋਚ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ। ਅਮਰੀਕੀ ਰੈਪਰ ਸਮਿੱਥ ਨੇ ਇਸ ਫੂਡ ਟਰੱਕ ਦੀ ਇਕ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਉਨ੍ਹਾਂ ਨੇ ਇਕ ਕੈਪਸ਼ਨ ਵੀ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ 'ਆਈ. ਲਵ. ਯੂ. ਫੂਡ ਟਰੱਕ' ਲੋਕਾਂ ਨੂੰ ਉਹ ਚੀਜ ਦਿੰਦਾ ਹੈ, ਜਿਹੜੀ ਉਹ ਡਿਜ਼ਰਵ ਕਰਦੇ ਹਨ, ਜੀ ਹਾਂ ਉਹ ਹੈ ਪੌਸ਼ਟਿਕ ਖਾਣਾ। ਅੱਜ ਅਸੀਂ ਆਪਣੇ ਪਹਿਲੇ ਫੂਡ ਟਰੱਕ ਦੀ ਸ਼ੁਰੂਆਤ ਕਰ ਰਹੇ ਹਾਂ।''
ਦੱਸਣਯੋਗ ਹੈ ਕਿ ਵਿਲ ਸਮਿੱਥ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਕਈ ਅਦਾਕਾਰਾਂ ਨੇ ਵੀ ਇਸ ਕਦਮ ਦੀ ਸ਼ਲਾਘਾ ਕੀਤੀ ਹੈ। ਰੈਪਰ ਜੇਡਨ ਸਮਿੱਥ ਨੇ ਆਪਣੇ ਜਨਮ ਦਿਨ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆ ਹਨ, ਜਿਨ੍ਹਾਂ 'ਚ ਉਹ ਆਪਣੇ ਮਾਤਾ-ਪਿਤਾ ਨਾਲ ਕੇਕ ਕੱਟਦਾ ਨਜ਼ਰ ਆ ਰਿਹਾ ਹੈ।